ਮਹਿਮਾ ਸਰਜਾ, 1 ਮਾਰਚ (ਬਲਦੇਵ ਸੰਧੂ): ਪੀ.ਐਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਇੰਚਾਰਜ ਪਿ੍ੰਸੀਪਲ ਨਿਰਮਲਜੀਤ ਸਿੰਘ ਦੀ ਅਗਵਾਈ ਵਿਚ ਹਰ ਸਾਲ ਦੀ ਤਰ੍ਹਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਰੋਹ ਦੀ ਪ੍ਰਧਾਨਗੀ ਮਹਿਮਾ ਸਰਜਾ ਦੇ ਮਹਿਲਾ ਸਰਪੰਚ ਗੁਰਜੀਤ ਕੌਰ ਅਤੇ ਚੇਅਰਮੈਨ ਸੁਰਿੰਦਰ ਸਿੰਘ ਬਿੱਟੂ ਮਾਰਕੀਟ ਕਮੇਟੀ ਭੁੱਚੋ ਮੰਡੀ ਵਲੋਂ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਮਤਾ ਸੇਠੀ ਖੁਰਾਣਾ, ਮਹਿੰਦਰ ਪਾਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸਿੱਖਿਆ ਵਿਭਾਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਪਹੁੰਚੇ | ਇਸ ਮੌਕੇ ਮੈਗਜ਼ੀਨ ਸੁਪਨ-ਸਾਜ਼ ਅੰਕ-3 ਦੀ ਘੁੰਡ ਚੁਕਾਈ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਸੇਠੀ ਖੁਰਾਣਾ ਤੇ ਮਹਿਮਾ ਸਰਜਾ ਦੇ ਸਰਪੰਚ ਗੁਰਜੀਤ ਕੌਰ ਵਲੋਂ ਸਾਂਝੇ ਤੌਰ 'ਤੇ ਕੀਤੀ | ਇਸ ਸਾਲਾਨਾ ਮੈਗਜ਼ੀਨ ਸੁਪਨ-ਸਾਜ ਅੰਕ-3 ਨੂੰ ਸੰਪੂਰਨ ਕਰਨ ਵਿਚ ਸੰਪਾਦਕੀ ਟੀਮ ਵਿਚ ਲੈਕਚਰਾਰ ਬਲਜਿੰਦਰ ਸਿੰਘ, ਮਾ. ਨਛੱਤਰ ਸਿੰਘ ਵਿਰਕ, ਅਧਿਆਪਕਾ ਅਨੀਤਾ ਰਾਣੀ ਹਿੰਦੀ, ਅਧਿਆਪਕਾ ਮਮਤਾ ਰਾਣੀ ਦੀ ਅਹਿਮ ਭੂਮਿਕਾ ਰਹੀ | ਇਨਾਮ ਵੰਡ ਦੀ ਰਸਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਸੇਠੀ ਖੁਰਾਣਾ, ਸੁਰਿੰਦਰ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਭੁੱਚੋ ਮੰਡੀ ਵਲੋਂ ਕੀਤੀ ਗਈ | ਸਕੂਲ ਦੀ ਸਾਲਾਨਾ ਰਿਪੋਰਟ ਪਿ੍ੰਸੀਪਲ ਨਿਰਮਲਜੀਤ ਸਿੰਘ ਵਲੋਂ ਪੜ੍ਹੀ ਗਈ | ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਪ੍ਰੀਖਿਆ ਵਿਚ ਪਹਿਲਾ-ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਨਵਦੀਪ ਕੌਰ ਜਮਾਤ ਦਸਵੀਂ ਅਤੇ ਵੀਰਦਵਿੰਦਰ ਸਿੰਘ ਜਮਾਤ ਦਸਵੀਂ ਨੂੰ ਸਾਲ ਦੇ ਸਰਵੋਤਮ ਵਿਦਿਆਰਥੀਆਂ ਵਜੋਂ ਸਨਮਾਨਿਤ ਕੀਤਾ ਗਿਆ | ਸਕੂਲ ਵਿਖੇ 100 ਫ਼ੀਸਦੀ ਹਾਜ਼ਰੀਆਂ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ | ਇਸ ਮੌਕੇ ਨਛੱਤਰ ਸਿੰਘ ਵਿਰਕ ਪੰਜਾਬੀ ਮਾਸਟਰ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ | ਸਟੇਜ ਸੈਕਟਰੀ ਦੀ ਭੂਮਿਕਾ ਬਲਜੀਤ ਸਿੰਘ ਲੈਕਚਰਾਰ ਅਤੇ ਕਿਰਨਦੀਪ ਕੌਰ ਐਸ.ਐਸ. ਵਲੋਂ ਨਿਭਾਈ ਗਈ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬਿੰਦਰ ਸਿੰਘ ਤੋਂ ਇਲਾਵਾ ਸਮੁੱਚੀ ਸਕੂਲ ਮੈਨੇਜਮੈਂਟ ਕਮੇਟੀ ਅਤੇ ਗ੍ਰਾਮ ਪੰਚਾਇਤ ਮੈਂਬਰ, ਬੱਚਿਆਂ ਦੇ ਮਾਪੇ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ |