ਨਥਾਣਾ, 1 ਮਾਰਚ (ਗੁਰਦਰਸ਼ਨ ਲੁੱਧੜ)-ਆਲੂ ਦੀ ਕਾਸ਼ਤ ਸੰਬੰਧੀ ਲਾਗਤ ਖ਼ਰਚਿਆਂ ਵਿਚ ਭਾਰੀ ਵਾਧਾ ਹੋਣ ਅਤੇ ਕੀਮਤਾਂ ਦੀ ਖੜੋਤ ਨੇ ਆਲੂ ਉਤਪਾਦਕਾਂ ਨੂੰ ਪੂਰੀ ਤਰ੍ਹਾਂ ਮਾਯੂਸ ਕਰਕੇ ਰੱਖ ਦਿੱਤਾ ਹੈ | ਪੱਤਰਕਾਰਾਂ ਵਲੋਂ ਆਲੂ ਦੀ ਕਾਸ਼ਤ ਵਾਲੇ ਖੇਤਾਂ ਦਾ ਦੌਰਾ ਕਰਨ ਉਪਰੰਤ ਉਤਪਾਦਕਾਂ ਵਲੋਂ ਦੱਸਿਆ ਗਿਆ ਕਿ ਇਸ ਵਾਰ ਆਲੂ ਦੀ ਫ਼ਸਲ ਆਪਣੇ ਲਾਗਤ ਖ਼ਰਚੇ ਵੀ ਪੂਰੇ ਕਰਦੀ ਦਿਖਾਈ ਨਹੀਂ ਦਿੰਦੀ | ਆਲੂ ਉਤਪਾਦਕਾਂ ਲਾਭ ਸਿੰਘ, ਜਗਸੀਰ ਸਿੰਘ, ਜਗਤਾਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਵਲੋਂ 21 ਹਜ਼ਾਰ ਰੁਪਏ ਪ੍ਰਤੀ ਏਕੜ ਆਲੂ ਦੇ ਬੀਜ 'ਤੇ ਖ਼ਰਚਾ ਕੀਤਾ ਗਿਆ, 10 ਹਜ਼ਾਰ ਰੁਪਏ ਤੋਂ ਜ਼ਿਆਦਾ ਖ਼ਰਚਾ ਆਲੂ ਦੀ ਫ਼ਸਲ ਉੱਪਰ ਪਾਈ ਡੀ.ਏ.ਪੀ, ਪੋਟਾਸ਼, ਯੂਰੀਆ ਅਤੇ ਹੋਰਨਾਂ ਖਾਦਾਂ ਉੱਪਰ ਹੋ ਚੁੱਕਾ ਹੈ, ਬਿਜਾਈ ਤੋਂ ਲੈ ਕੇ ਪੁਟਾਈ ਤੱਕ 5 ਹਜ਼ਾਰ ਰੁਪਏ ਤੋਂ ਵੱਧ ਰਾਸ਼ੀ ਪ੍ਰਤੀ ਏਕੜ ਡੀਜ਼ਲ ਖਰਚਾ ਹੋ ਚੁੱਕਾ ਹੈ | ਇਸ ਤੋਂ ਇਲਾਵਾ ਫ਼ਸਲ ਉੱਪਰ ਉੱਲੀ ਨਾਸ਼ਕ, ਨਦੀਨ ਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਉੱਪਰ ਵੀ ਲਾਗਤ ਖ਼ਰਚਾ ਆਇਆ ਹੈ | ਫ਼ਸਲ ਦੀ ਪੁਟਾਈ ਮੌਕੇ ਆਲੂਆਂ ਦੀ ਚੁਗਾਈ, ਛਾਂਟੀ, ਬੋਰੀਆਂ ਦੀ ਭਰਾਈ ਅਤੇ ਬਾਰਦਾਨੇ ਉੱਪਰ ਲਗਭਗ 16 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਚੁੱਕਾ ਹੈ | ਆਲੂ ਉਤਪਾਦਕਾਂ ਅਨੁਸਾਰ ਇਸ ਵਾਰ ਲਾਗਤ ਖ਼ਰਚਾ ਬਿਨਾਂ ਜ਼ਮੀਨ ਦੇ ਠੇਕੇ ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਆਇਆ ਹੈ, ਜਦੋਂ ਕਿ ਆਲੂ ਦਾ ਭਾਅ ਅੱਜ ਕੱਲ੍ਹ 220-230 ਰੁਪਏ ਪ੍ਰਤੀ ਗੱਟਾ ਚੱਲ ਰਿਹਾ ਹੈ | ਜਿਸ ਨੇ ਫ਼ਸਲ ਉੱਪਰ ਆਇਆ ਲਾਗਤ ਖ਼ਰਚਾ ਵੀ ਪੂਰਾ ਨਹੀਂ ਕਰਨਾ | ਆਲੂ ਉਤਪਾਦਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਫ਼ਸਲੀ ਕਾਸ਼ਤ ਨੂੰ ਘਾਟੇ ਤੋਂ ਬਚਾਉਣ ਲਈ ਤੁਰੰਤ ਰਾਹਤ ਦਿੱਤੀ ਜਾਵੇ |