06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪੁਲਿਸ ਵਿਭਾਗ ਤੇ ਗ੍ਰਾਮ ਪੰਚਾਇਤ ਦਾ ਲਾਲ ਲਕੀਰ ਵਾਲੀ ਜਗ੍ਹਾ ਦਾ ਵਿਵਾਦ ਖ਼ਤਮ

ਅਜੀਤ ਡੈਸਕ 15-05-2026

ਬਾਲਿਆਂਵਾਲੀ, 14 ਮਈ (ਕੁਲਦੀਪ ਮਤਵਾਲਾ)- ਬਾਲਿਆਂਵਾਲੀ ਵਿਖੇ ਪੁਲਿਸ ਥਾਣੇ ਦੇ ਬਾਹਰ ਲਾਲ ਲਕੀਰ ਵਾਲੀ ਜਗ੍ਹਾ 'ਤੇ ਗ੍ਰਾਮ ਪੰਚਾਇਤ ਨੂੰ ਉਦੋਂ ਵੱਡੀ ਰਾਹਤ ਮਿਲੀ, ਜਦੋਂ ਮਾਲ ਵਿਭਾਗ ਨੇ ਗ੍ਰਾਮ ਪੰਚਾਇਤ ਬਾਲਿਆਂਵਾਲੀ ਦੇ ਹੱਕ ਫ਼ੈਸਲਾ ਦੇ ਦਿੱਤਾ। ਜਿਸ ਨਾਲ ਪੰਜਾਬ ਪੁਲਿਸ ਵਿਭਾਗ ਤੇ ਗ੍ਰਾਮ ਪੰਚਾਇਤ ਦੇ ਟਕਰਾਅ ਵਾਲੀ ਸਥਿਤੀ ਨੂੰ ਵਿਰਾਮ ਮਿਲ ਗਿਆ ਹੈ। ਇਸ ਸੰਬੰਧੀ ਰਾਮ ਲੀਲ੍ਹਾ ਗਰਾਊਂਡ 'ਚ ਪਿੰਡ ਦਾ ਸਾਂਝਾ ਇਕੱਠ ਕੀਤਾ ਗਿਆ। ਦੱਸਣਾ ਬਣਦਾ ਹੈ ਅੱਤਵਾਦ ਸਮੇਂ ਪੁਲਿਸ ਵਲੋਂ ਥਾਣੇ ਦੇ ਬਾਹਰ ਲਾਲ ਲਕੀਰ ਵਾਲੀ ਜਗ੍ਹਾ 'ਤੇ ਇਕ ਲਾਂਗਰੀ ਦੀ ਰਿਹਾਇਸ਼ ਲਈ ਘਰ ਬਣਾਇਆ ਗਿਆ ਸੀ ਤਾਂ ਜੋ ਉਹ ਵੇਲੇ ਕੁਵੇਲੇ ਵੀ ਪੁਲਿਸ ਮੁਲਾਜ਼ਮਾਂ ਲਈ ਖਾਣਾ ਬਣਾ ਸਕੇ ਪਰ ਹੁਣ ਉਕਤ ਜਗ੍ਹਾ 'ਤੇ ਪੁਲਿਸ ਵਿਭਾਗ ਤੇ ਗ੍ਰਾਮ ਪੰਚਾਇਤ ਸਮੇਤ ਪਿੰਡ ਵਾਸੀ ਆਪੋ-ਆਪਣਾ ਹੱਕ ਜਤਾ ਰਹੇ ਸਨ ਤੇ ਟਕਰਾਅ ਵਰਗੀ ਸਥਿਤੀ ਬਣੀ ਹੋਈ ਸੀ ਅਤੇ ਇਸੇ ਦਰਮਿਆਨ ਪੁਲਿਸ ਵਲੋਂ ਲਗਭਗ 79 ਵਿਅਕਤੀਆਂ 'ਤੇ ਪਰਚਾ ਵੀ ਦਰਜ ਕੀਤਾ ਗਿਆ ਸੀ। ਮਾਮਲਾ ਭਖਣ 'ਤੇ ਐਸ.ਡੀ.ਐਮ ਮੌੜ ਦੀ ਅਗਵਾਈ 'ਚ ਅਫ਼ਸਰਾਂ ਦੀ ਪੜਤਾਲੀਆ ਕਮੇਟੀ ਬਣਾਈ ਗਈ ਸੀ ਤੇ ਪੜਤਾਲ ਉਪਰੰਤ ਲਾਲ ਲਕੀਰ ਵਾਲੀ ਜਗ੍ਹਾ ਦਾ ਫੈਸਲਾ ਬਾਲਿਆਂਵਾਲੀ ਪਿੰਡ ਦੇ ਹੱਕ 'ਚ ਸੁਣਾਇਆ ਹੈ। ਇਸ ਮੌਕੇ ਸਮਾਜ ਸੇਵੀ ਬਲਰਾਜ ਸਿੰਘ ਚਹਿਲ ਤੇ ਸੰਦੀਪ ਖਾਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਬਲਾਕ ਸੰਮਤੀ ਮੈਂਬਰ ਸੁਖਵੀਰ ਸਿੰਘ ਮਾਨ, ਹਰਜਿੰਦਰ ਸਿੰਘ ਮਾਨ ਆਦਿ ਲੋਕਲ ਆਗੂਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਸੁਖਵੀਰ ਸਿੰਘ ਮਾਨ, ਹਰਜਿੰਦਰ ਸਿੰਘ ਮਾਨ, ਜਸਵੀਰ ਸਿੰਘ ਮਾਨ ਮੈਂਬਰ ਅਤੇ ਸੁੱਚਾ ਸਿੰਘ ਵੜੈਚ ਆਦਿ ਨੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦਾ ਧੰਨਵਾਦ ਕੀਤਾ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫ਼ਤੇ ਤੱਕ ਦਰਜ ਕੀਤੇ ਗਏ ਦੋਵੇਂ ਪਰਚੇ ਰੱਦ ਨਾ ਕੀਤੇ ਤਾਂ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਸੁਖਪਾਲ ਕੌਰ ਚਹਿਲ, ਬਲਰਾਜ ਸਿੰਘ ਚਹਿਲ, ਨੰਬਰਦਾਰ ਅਮਨਦੀਪ ਸਿੰਘ, ਨੰਬਰਦਾਰ ਰਣਜੀਤ ਸਿੰਘ ਦੰਦੀਵਾਲ, ਮਾਸਟਰ ਹਰਨੇਕ ਸਿੰਘ, ਹੇਮਰਾਜ ਸ਼ਰਮਾ, ਜਸਵੀਰ ਸਿੰਘ ਮਾਨ ਮੈਂਬਰ, ਜਗਤਾਰ ਸਿੰਘ ਮੈਂਬਰ , ਜੀਤ ਸਿੰਘ ਮੈਂਬਰ, ਸ਼ਮਸ਼ੇਰ ਸਿੰਘ ਮੈਂਬਰ, ਕੇਵਲ ਸਿੰਘ ਮੈਂਬਰ, ਜਸਵੀਰ ਸਿੰਘ ਜੌੜਾ,ਫੌਜਾ ਸਿੰਘ, ਜਗਜੀਤ ਸਿੰਘ ਸਿੱਧੂ, ਮੇਜਰ ਸਿੰਘ ਰੰਧਾਵਾ, ਗੁਰਮੇਲ ਸਿੰਘ ਮੇਲਾ, ਕੌਰ ਖਾਂ ਕਵੀਸਰ ਆਦਿ ਹਾਜ਼ਰ ਸਨ।
ਸਰਪੰਚ ਦੇ ਪਤੀ ਨੇ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ- ਰਾਜ ਕੁਮਾਰ ਰਾਜ਼ੀ
ਮੇਰੇ 'ਤੇ ਸਾਰੇ ਦੋਸ਼ ਝੂਠੇ ਤੇ ਰੰਜਿਸ਼ ਤਹਿਤ ਲਗਾਏ ਗਏ- ਬਲਰਾਜ ਸਿੰਘ ਚਹਿਲ
ਇਸ ਮੌਕੇ ਬਾਲਿਆਂਵਾਲੀ ਦੇ ਸਾਬਕਾ ਸਰਪੰਚ ਰਾਜ ਕੁਮਾਰ ਰਾਜ਼ੀ ਨੇ ਮਹਿਲਾ ਸਰਪੰਚ ਸੁਖਪਾਲ ਕੌਰ ਦੇ ਪਤੀ ਬਲਰਾਜ ਸਿੰਘ ਚਹਿਲ 'ਤੇ ਦੋਸ਼ ਲਗਾਇਆ ਕਿ ਉਸ ਨੇ ਖੁਦ ਪੰਚਾਇਤੀ ਜ਼ਮੀਨ ਅਤੇ ਪੰਚਾਇਤੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਪਹਿਲਾਂ ਖੁਦ ਕਬਜ਼ੇ ਛੱਡੇ ਫੇਰ ਲੋਕਾਂ ਤੋਂ ਛੁਡਵਾਏ। ਇਸ 'ਤੇ ਬਲਰਾਜ ਸਿੰਘ ਚਹਿਲ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ ਜੋ ਕਿ ਰੰਜਿਸ਼ ਤਹਿਤ ਲਗਾਏ ਜਾ ਰਹੇ ਹਨ, ਜਦਕਿ ਮੈਂ ਜਗ੍ਹਾ ਦੀ ਮਿਣਤੀ ਕਰਵਾਕੇ ਬੀ.ਡੀ.ਪੀ.ਓ ਦਫ਼ਤਰ ਬਲਾਕ ਰਾਮਪੁਰਾ ਨੂੰ ਭੇਜ ਦਿੱਤੀ ਹੈ। ਜੇਕਰ ਫੇਰ ਵੀ ਮਿਣਤੀ ਕਰਵਾਉਣੀ ਹੈ ਤਾਂ ਰਾਜ ਕੁਮਾਰ ਆਪਣੇ ਖ਼ਰਚੇ 'ਤੇ ਦੁਬਾਰਾ ਮਿਣਤੀ ਕਰਵਾ ਸਕਦੇ ਹਨ।

ਪਿਛਲੀ ਖ਼ਬਰ ਅੰਮਿ੍ਤਸਰ ਬੱਸ ਅੱਡੇ ਨੇੜੇ ਨੌਜਵਾਨ ਦਾ ਕਤਲ ਅਗਲੀ ਖ਼ਬਰ ਮਨੂ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ਦੇ ਨਤੀਜਿਆਂ 'ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।