ਸ੍ਰੀ ਚਮਕੌਰ ਸਾਹਿਬ, 13 ਫਰਵਰੀ (ਜਗਮੋਹਣ ਸਿੰਘ ਨਾਰੰਗ)-ਆਪਣੀ ਸਾਲਾਨਾ ਰਵਾਇਤ ਨੂੰ ਜਾਰੀ ਰੱਖਦਿਆਂ, ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦੀ ਐਸੋਸੀਏਸ਼ਨ ਨੇ, ਯੋਗ ਵਿਦਿਆਰਥੀਆਂ ਦਾ ਮਾਣ/ਸਨਮਾਨ ਕਰਕੇ, ਬਾਕੀ ਵਿਦਿਆਰਥੀਆਂ ਨੂੰ , ਨਿਸ਼ਾਨੇ ਮਿਥ ਕੇ ਪੜ੍ਹਨ ਲਈ ਪ੍ਰੇਰਿਆ | ਇਸ ਮੌਕੇ ਪਿਛਲੇ ਵਿੱਦਿਅਕ ਵਰ੍ਹੇ ਦੌਰਾਨ ਸਿੱਖਿਆ, ਖੇਡਾਂ, ਧਾਰਮਿਕ ਅਤੇ ਹੋਰ ਵਿੱਦਿਅਕ ਗਤੀਵਿਧੀਆਂ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਜਿਨ੍ਹਾਂ ਨੂੰ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਿੱਦਿਅਕ-ਚਿੰਤਕ ਸਵਰਨ ਸਿੰਘ ਭੰਗੂ ਨੇ ਅਦਾ ਕੀਤੀ | ਉਨ੍ਹਾਂ ਪੜ੍ਹ ਰਹੇ ਵਿਦਿਆਰਥੀਆਂ ਨੂੰ ਖ਼ੁਸ਼ਨਸੀਬ ਕਿਹਾ, ਕਿਉਂਕਿ ਅਨੇਕਾਂ ਕਾਰਨਾਂ ਵਸ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਦਾ | ਇਸ ਸਮੇਂ ਐਸੋਸ਼ੀਏਸ਼ਨ ਦੇ ਜਨਰਲ ਸਕੱਤਰ ਪਰਗਟ ਸਿੰਘ ਦਿਓਲ ਨੇ ਪ੍ਰਗਤੀ ਰਿਪੋਰਟ ਪੜ੍ਹਦਿਆਂ, ਸਕੂਲ ਦੇ ਪ੍ਰਭਾਵੀ ਅਧਿਆਪਕਾਂ ਨੂੰ ਯਾਦ ਕੀਤਾ, ਸਦੀ ਹਾਣ ਦੇ ਇਸ ਸਕੂਲ ਦੀ ਜਾਨਦਾਰ ਵਿਰਾਸਤ ਬਾਰੇ ਦੱਸਿਆ | ਉਨ੍ਹਾਂ ਇਨਾਮ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਸਰਾਹਨਾ ਕੀਤੀ | ਸਕੂਲ ਦੀ ਪਿ੍ੰਸੀਪਲ ਕਿਰਨਜੋਤ ਕੌਰ ਨੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ, ਜਿਹੜੇ ਸਮੇਂ-ਸਮੇਂ 'ਤੇ ਸਕੂਲ ਦਾ ਇਖ਼ਲਾਕੀ ਬਲ ਬਣਦੇ ਆ ਰਹੇ ਹਨ | ਹੋਰ ਵਕਤਾਵਾਂ ਵਿਚ ਸੇਵਾ-ਮੁਕਤ ਐਕਸੀਅਨ ਗੁਰਨਾਮ ਸਿੰਘ ਖਾਨਪੁਰ, ਅਮਰਜੀਤ ਸਿੰਘ ਢਿੱਲੋਂ ਅਤੇ ਜਥੇਦਾਰ ਗੁਰਮੀਤ ਸਿੰਘ ਮਕੜੌਨਾ ਸ਼ਾਮਲ ਸਨ | ਉਨ੍ਹਾਂ ਨੇ ਆਪਣੇ ਪੜ੍ਹਨ ਸਮੇਂ ਦੇ ਅਨੁਭਵ ਸਾਂਝੇ ਕੀਤੇ | ਇਸ ਮੌਕੇ 'ਤੇ ਐਸੋਸੀਏਸ਼ਨ ਦੇ ਅਦਬੀ ਮੈਂਬਰ ਸੰਤ ਸਿੰਘ ਨਾਰੰਗ, ਮੇਜ਼ਬਾਨ ਸਕੂਲ ਦੇ ਸਾਬਕਾ ਪਿ੍ੰਸੀਪਲ ਅਮਰਜੀਤ ਸਿੰਘ ਕੰਗ, ਤੇਜਪਾਲ ਸਿੰਘ ਸਿੱਧੂ, ਸਾਬਕਾ ਪਿ੍ੰਸੀਪਲ ਲਛਮਣ ਸਿੰਘ, ਪੈਨਸ਼ਨਰ ਮਹਾਂ ਸੰਘ ਦੇ ਪ੍ਰਧਾਨ ਧਰਮਪਾਲ ਸੋਖਲ,ਹਰਚੰਦ ਸਿੰਘ ਜਗਤਪੁਰ,ਅਜੈਬ ਸਿੰਘ ਸੁਮਨ, ਕੈਪਟਨ ਹਰਪਾਲ ਸਿੰਘ ਸੰਧੂਆਂ, ਸੇਵਾ ਮੁਕਤ ਸਿੱਖਿਆ ਅਧਿਕਾਰੀ ਭਾਗ ਸਿੰਘ ਮਕੜੌਨਾ, ਅਮਰਜੀਤ ਸਿੰਘ ਮਾਵੀ, ਕੈਪਟਨ ਗੁਰਦੇਵ ਸਿੰਘ ਮਕੜੋਨਾ ਆਦਿ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ |