ਨੰਗਲ, 19 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਪੈਨਸ਼ਨ ਯੂਨੀਅਨ ਏਟਕ ਇਕਾਈ ਨੰਗਲ ਦੀ ਅਹਿਮ ਮੀਟਿੰਗ ਅੱਜ ਰਣਜੀਤ ਸਿੰਘ ਗੁੰਨੋਮਾਜਰਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਸਭ ਤੋਂ ਪਹਿਲਾਂ ਮੀਟਿੰਗ ਵਿਚ ਸਦੀਵੀ ਵਿਛੋੜਾ ਦੇ ਗਏ ਸਾਥੀ ਅਵਤਾਰ ਸਿੰਘ ਡਰਾਈਵਰ ਅਤੇ ਨਸੀਬ ਸਿੰਘ ਪ੍ਰਧਾਨ ਦੇ ਬੇਟੇ ਦਿਲਬਾਗ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਵਿਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਘੋਰ ਨਿੰਦਿਆ ਕੀਤੀ ਗਈ | ਵੱਖ ਵੱਖ ਆਗੂਆਂ ਨੇ ਆਪੋ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲ ਬੀਤਣ ਤੋਂ ਬਾਅਦ ਵੀ ਪੰਜਾਬ ਰੋਡਵੇਜ਼ ਵਿਚ ਨਾ ਹੀ ਕੋਈ ਨਵੀਂ ਬੱਸ ਪਾਈ, ਨਾ ਕੋਈ ਕਰਮਚਾਰੀ ਪੱਕਾ ਕੀਤਾ ਗਿਆ, ਜਦੋਂ ਕਿ ਮੀਟਿੰਗਾਂ ਦਾ ਸਮਾਂ ਦੇ ਕੇ ਵੀ ਕੋਈ ਮੰਗ ਪੂਰੀ ਨਹੀਂ ਕੀਤੀ ਗਈ | ਮੀਟਿੰਗ ਵਿਚ ਪੈਨਸ਼ਨਰਾਂ ਨੇ ਮੰਗ ਕਰਦਿਆਂ ਕਿਹਾ ਕਿ ਰੋਡਵੇਜ਼ ਵਿਚ ਨਵੀਆਂ ਬੱਸਾਂ ਪਾ ਕੇ 2407 ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਸੰਨ 2004 ਤੋਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪੈਨਸ਼ਨਰਾਂ ਨੂੰ 2.59 ਦੇ ਫ਼ਾਰਮੂਲੇ ਅਨੁਸਾਰ ਪੇ-ਕਮਿਸ਼ਨ ਦਿੱਤਾ ਜਾਵੇ ਅਤੇ ਪੇ- ਕਮਿਸ਼ਨ ਦਾ ਬਕਾਇਆ ਅਤੇ ਡੀਏ ਦੀਆਂ ਪੈਂਡਿੰਗ ਕਿਸ਼ਤਾਂ ਅਤੇ ਡੀਏ ਦਾ ਪਿਛਲਾ ਬਕਾਇਆ ਇੱਕ ਕਿਸ਼ਤ ਵਿਚ ਦਿੱਤਾ ਜਾਵੇ | ਪੈਨਸ਼ਨਰਾਂ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ ਰੋਡਵੇਜ਼ ਵਿਚ ਸਪੇਅਰ ਪਾਰਟਸ ਅਤੇ ਟਾਇਰਾਂ ਦਾ ਕੋਟਾ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ, ਮੁਫ਼ਤ ਸਫ਼ਰ ਸਹੂਲਤਾਂ ਦਾ ਸਰਕਾਰ 800 ਕਰੋੜ ਜਲਦੀ ਜਾਰੀ ਕੀਤਾ ਜਾਵੇ, ਸਪੈਸ਼ਲ ਅਪਰੇਸ਼ਨ ਬੰਦ ਕੀਤਾ ਜਾਵੇ, ਵੱਖ ਵੱਖ ਡੀਪੂਆਂ ਵਿਚ ਚਾਰ ਗੇਟ ਰੈਲੀਆਂ ਕੀਤੀਆਂ ਗਈਆਂ ਹਨ ਅਤੇ 7 ਮਾਰਚ ਨੂੰ ਟਰਾਂਸਪੋਰਟ ਮੰਤਰੀ ਵਿਰੁੱਧ ਪੱਟੀ ਵਿਖੇ ਵਿਸ਼ਾਲ ਗੇਟ ਰੈਲੀ ਕੀਤੀ ਜਾਵੇਗੀ | ਮੀਟਿੰਗ ਵਿਚ ਜਤਿੰਦਰ ਸਿੰਘ ਸੋਹਲ, ਸੇਵਾ ਸਿੰਘ, ਹਰਵਿੰਦਰ ਸਿੰਘ, ਮੋਹਨ ਸਿੰਘ ਬਿੱਕੋ, ਅਵਤਾਰ ਸਿੰਘ, ਦੇਵ ਰਾਜ, ਰੋਸ਼ਨ ਲਾਲ, ਤਰਸੇਮ ਲਾਲ, ਬੇਦ ਬਿਆਸ, ਤੀਰਥ ਰਾਮ, ਸਿਕੰਦਰ ਸਿੰਘ, ਲਖਵਿੰਦਰ ਸਿੰਘ, ਚਰਨ ਦਾਸ, ਪਵਨ ਕੁਮਾਰ, ਮੱਖਣ ਸਿੰਘ, ਦੀਦਾਰ ਸਿੰਘ, ਹਰਿੰਦਰਜੀਤ ਸਿੰਘ, ਗਿਆਨ ਸਿੰਘ, ਰਾਮ ਕਿ੍ਸ਼ਨ, ਦਿਆ ਰਾਮ, ਮਹਿੰਦਰ ਸਿੰਘ, ਪੂਰਨ ਚੰਦ ਆਦਿ ਪੈਨਸ਼ਨਰ ਹਾਜ਼ਰ ਸਨ |