11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਹਿਮਾਚਲ ਐਂਟਰੀ ਟੈਕਸ 'ਚ ਵਾਧਾ ਤਰਕਸੰਗਤ ਨਹੀਂ- ਦਿਨੇਸ਼ ਚੱਢਾ <br/>

ਅਜੀਤ ਡੈਸਕ 21-02-2026
ਰੂਪਨਗਰ, 20 ਫਰਵਰੀ (ਸਤਨਾਮ ਸਿੰਘ ਸੱਤੀ)-ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਹਿਮਾਚਲ ਪ੍ਰਦੇਸ਼ ਵਿਚ ਐਂਟਰੀ ਟੈਕਸ ਵਿਚ ਕੀਤੇ ਵੱਡੇ ਵਾਧੇ 'ਤੇ ਤਿੱਖੀ ਪ੍ਰਤੀਕਿ੍ਆ ਦਿੰਦਿਆਂ ਕਿਹਾ ਹੈ ਕਿ ਇਹ ਫੈਸਲਾ ਸਰਹੱਦੀ ਇਲਾਕਿਆਂ ਦੇ ਵਸਨੀਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਿਮਾਚਲ ਦੇ ਕਈ ਪਿੰਡ ਆਪਸੀ ਰਿਸ਼ਤਿਆਂ ਅਤੇ ਵਪਾਰਕ ਸੰਬੰਧਾਂ ਨਾਲ ਜੁੜੇ ਹੋਏ ਹਨ, ਜਿਸ ਕਰਕੇ ਲੋਕਾਂ ਦਾ ਆਉਣਾ-ਜਾਣਾ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਹੈ | ਅਜੇਹੇ ਵਿਚ ਭਾਰੀ ਐਂਟਰੀ ਟੈਕਸ ਲਗਾਉਣਾ ਤਰਕਸੰਗਤ ਨਹੀਂ | ਵਿਧਾਇਕ ਚੱਢਾ ਨੇ ਕਿਹਾ ਕਿ ਦੋਵੇਂ ਸੂਬੇ ਇੱਕੋ ਦੇਸ਼ ਦਾ ਹਿੱਸਾ ਹਨ, ਕੋਈ ਪਰਾਇਆ ਮੁਲਕ ਨਹੀਂ | ਸਰਹੱਦੀ ਖੇਤਰਾਂ ਵਿਚ ਰਹਿੰਦੇ ਲੋਕਾਂ ਲਈ ਹਿਮਾਚਲ ਜਾਣਾ-ਆਉਣਾ ਦਿਨਚਰਿਆ ਨਾਲ ਜੁੜਿਆ ਹੋਇਆ ਹੈ | ਕਈ ਪਰਿਵਾਰਾਂ ਦੇ ਰਿਸ਼ਤੇ ਹਿਮਾਚਲ ਵਿਚ ਹਨ ਅਤੇ ਵਪਾਰਕ ਗਤੀਵਿਧੀਆਂ ਵੀ ਦੋਵੇਂ ਪਾਸਿਆਂ ਚੱਲਦੀਆਂ ਹਨ | ਐਸੇ ਵਿਚ ਐਨਾ ਵਾਧੂ ਟੈਕਸ ਆਮ ਲੋਕਾਂ 'ਤੇ ਆਰਥਿਕ ਬੋਝ ਪਾਉਂਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਪਹਾੜੀ ਸੂਬਾ ਹੋਣ ਦੇ ਨਾਤੇ ਹਿਮਾਚਲ ਸਰਕਾਰ ਕੋਲ ਟੈਕਸ ਲਗਾਉਣ ਦਾ ਅਧਿਕਾਰ ਹੈ ਤਾਂ ਵੀ ਇਸਦਾ ਬੇਹਿਸਾਬ ਵਾਧਾ ਕਰਨਾ ਠੀਕ ਨਹੀਂ | ਸਰਕਾਰਾਂ ਨੂੰ ''ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ'' ਨੂੰ ਸੰਭਾਲਣਾ ਚਾਹੀਦਾ ਹੈ, ਨਾ ਕਿ ਜਲਦਬਾਜ਼ੀ ਵਿਚ ਉਸੇ ਮੁਰਗੀ ਨੂੰ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਲੋਕਾਂ ਦੀ ਸੁਵਿਧਾ ਅਤੇ ਵਪਾਰਕ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਸੰਤੁਲਿਤ ਨੀਤੀ ਬਣਾਈ ਜਾਵੇ | ਦਿਨੇਸ਼ ਚੱਢਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਹਿਮਾਚਲ ਸਰਕਾਰ ਨਾਲ ਰਾਬਤਾ ਕੀਤਾ ਗਿਆ ਹੈ | ਦੋਵੇਂ ਸੂਬਿਆਂ ਦਰਮਿਆਨ ਗੱਲਬਾਤ ਰਾਹੀਂ ਜਲਦੀ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਰਾਹਤ ਮਿਲ ਸਕੇ |

ਪਿਛਲੀ ਖ਼ਬਰ ਸਿੰਬਲ ਮਾਜਰਾ ਵਿਖੇ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਅੱਜ ਤੋਂ <br/> ਅਗਲੀ ਖ਼ਬਰ ਕੌਮੀ ਜੋੜ ਮੇਲਾ ਹੋਲਾ ਮਹੱਲੇ ਨੂੰ 'ਗ੍ਰੀਨ ਹੋਲਾ ਮਹੱਲਾ' ਵਜੋਂ ਮਨਾਇਆ ਜਾਵੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।