ਐੱਸ. ਏ. ਐੱਸ. ਨਗਰ, 28 ਅਪ੍ਰੈਲ (ਕਪਿਲ ਵਧਵਾ)-ਮੁਹਾਲੀ ਦੇ ਥਾਣਾ ਫੇਜ਼-11 ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 150 ਪਊਏ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਮੁਲਜ਼ਮ ਦੀ ਪਛਾਣ ਸੰਦੀਪ ਕੁਮਾਰ ਵਾਸੀ ਪਿੰਡ ਰਾਮਪੁਰਾ ਜ਼ਿਲਾ ਜੀਂਦ (ਹਰਿਆਣਾ) ਵਜੋਂ ਹੋਈ ਹੈ | ਹਾਸਿਲ ਜਾਣਕਾਰੀ ਅਨੁਸਾਰ ਆਬਕਾਰੀ ਇੰਸਪੈਕਟਰ ਗੁਰਿੰਦਰ ਪਾਲ ਸਿੰਘ ਥਾਣਾ ਫੇਜ਼-11 ਦੀ ਪੁਲਿਸ ਪਾਰਟੀ ਸਮੇਤ ਗੋਲਫ ਕੱਟ ਨੇੜੇ ਲਗਾਏ ਗਏ ਨਾਕੇ 'ਤੇ ਮੌਜੂਦ ਸਨ | ਇਸ ਦੌਰਾਨ ਉਨਾਂ ਨੂੰ ਖੁਫ਼ੀਆ ਇਤਲਾਹ ਮਿਲੀ ਕਿ ਇਕ ਵਿਅਕਤੀ ਮੰਡੀ ਬੋਰਡ ਦੀਆਂ ਲਾਈਟਾਂ ਕੋਲ ਬਲਕ ਮਾਰਕੀਟ ਵਿਖੇ ਚੰਡੀਗੜ ਤੋਂ ਲਿਆਂਦੀ ਗਈ ਸ਼ਰਾਬ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਵੇਚ ਰਿਹਾ ਹੈ | ਇਸ ਸੂਚਨਾ ਦੇ ਆਧਾਰ 'ਤੇ ਐਸ. ਐਚ. ਓ. ਫੇਜ਼-11 ਅਮਨ ਬੈਦਵਾਣ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਮੌਕੇ 'ਤੇ ਛਾਪੇਮਾਰੀ ਕਰਕੇ ਮੁਲਜ਼ਮ ਨੂੰ 150 ਪਊਏ ਮਾਰਕਾ ਟੈਂਗੋ ਸੰਤਰਾ ਸ਼ਰਾਬ ਸਮੇਤ ਕਾਬੂ ਕਰ ਲਿਆ, ਜਿਸ 'ਤੇ ਫਾਰ ਸੇਲ ਇੰਨ ਚੰਡੀਗੜ ਲਿਖਿਆ ਹੋਇਆ ਸੀ | ਪੁਲਿਸ ਵਲੋਂ ਉਕਤ ਮੁਲਜ਼ਮ ਖ਼ਿਲਾਫ਼ ਪੰਜਾਬ ਆਬਕਾਰੀ ਐਕਟ ਦੀ ਧਾਰਾ 61, 1 ਤੇ 14 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਇਹ ਸ਼ਰਾਬ ਕਿਥੋਂ ਲੈ ਕੇ ਆਇਆ ਸੀ ਅਤੇ ਇਸ ਗੋਰਖਧੰਦੇ 'ਚ ਉਸ ਨਾਲ ਹੋਰ ਕੌਣ-ਕੌਣ ਸ਼ਾਮਿਲ ਹੈ |