ਰੂਪਨਗਰ, 17 ਮਈ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ | ਇਸ ਵਾਰ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਕਾਂਗਰਸ ਪਾਰਟੀ ਵਲੋਂ 21 ਵਿਚੋਂ ਮਹਿਜ਼ 16 ਵਾਰਡਾਂ ਵਿਚ ਹੀ ਉਮੀਦਵਾਰ ਉਤਾਰਨਾ ਬਣਿਆ ਹੋਇਆ ਹੈ | ਪਹਿਲੀ ਵਾਰ ਕਾਂਗਰਸ ਪਾਰਟੀ ਸਾਰੇ ਵਾਰਡਾਂ ਵਿਚ ਆਪਣੇ ਉਮੀਦਵਾਰ ਦੇਣ ਵਿਚ ਅਸਫਲ ਰਹੀ ਹੈ, ਜਿਸ ਕਾਰਨ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਰੂਪਨਗਰ ਵਿਧਾਨ ਸਭਾ ਹਲਕਾ ਇੰਚਾਰਜ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ | ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇਹ ਦੋਵੇਂ ਆਗੂ ਟਿਕਟ ਦੇ ਦਾਅਵੇਦਾਰ ਮੰਨੇ ਜਾਂਦੇ ਹਨ, ਪਰ ਨਗਰ ਕੌਂਸਲ ਚੋਣਾਂ ਵਿਚ ਪੂਰੇ ਉਮੀਦਵਾਰ ਨਾ ਉਤਾਰ ਸਕਣਾ ਉਨ੍ਹਾਂ ਦੀ ਦਾਅਵੇਦਾਰੀ ਲਈ ਅੜਿੱਕਾ ਵੀ ਬਣ ਸਕਦਾ ਹੈ | ਯਾਦ ਰਹੇ ਕਿ ਪਿਛਲੀਆਂ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਨੇ 21 ਵਿਚੋਂ 17 ਸੀਟਾਂ ਜਿੱਤ ਕੇ ਸਪਸ਼ਟ ਬਹੁਮਤ ਹਾਸਲ ਕੀਤਾ ਸੀ | ਇਸ ਦੇ ਬਾਵਜੂਦ ਪੰਜ ਸਾਲਾਂ ਦੌਰਾਨ ਸ਼ਹਿਰ ਵਿਚ ਵਿਕਾਸ ਕਾਰਜਾਂ ਦੀ ਗਤੀ ਸੁਸਤ ਰਹੀ ਅਤੇ ਕਾਂਗਰਸੀ ਕੌਂਸਲਰਾਂ ਵਲੋਂ ਸਰਕਾਰ ਖ਼ਿਲਾਫ਼ ਕੋਈ ਵੱਡਾ ਲੋਕ ਸੰਘਰਸ਼ ਵੀ ਨਹੀਂ ਕੀਤਾ ਗਿਆ | ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕਾਂਗਰਸੀ ਕੌਂਸਲਰ ਨਾ ਤਾਂ ਸਰਕਾਰ ਨਾਲ ਤਾਲਮੇਲ ਬਣਾ ਸਕੇ ਅਤੇ ਨਾ ਹੀ ਖੁੱਲ੍ਹ ਕੇ ਵਿਰੋਧ ਕਰ ਸਕੇ | ਇੱਥੋਂ ਤੱਕ ਕਿ ਕਾਂਗਰਸ ਸਰਕਾਰ ਦੇ ਸਮੇਂ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਨਗਰ ਕੌਂਸਲ ਰੂਪਨਗਰ ਸ਼ਹਿਰ ਲਈ ਕੋਈ ਵੱਡਾ ਪੈਕੇਜ ਲਿਆਉਣ ਵਿਚ ਸਫਲ ਨਹੀਂ ਰਹੀ | ਪਿਛਲੇ ਸਮੇਂ ਦੌਰਾਨ ਕਾਂਗਰਸ ਅੰਦਰ ਧੜੇਬੰਦੀ ਵੀ ਖੁੱਲ੍ਹ ਕੇ ਸਾਹਮਣੇ ਆਈ | ਪਹਿਲਾਂ ਆਪਣੇ ਹੀ ਪ੍ਰਧਾਨ ਸੰਜੇ ਵਰਮਾ ਨੂੰ ਅਹੁਦੇ ਤੋਂ ਹਟਾਇਆ ਗਿਆ ਅਤੇ ਬਾਅਦ ਵਿਚ ਸੰਜੇ ਵਰਮਾ ਵਲੋਂ ਕਈ ਕਾਂਗਰਸੀ ਕੌਂਸਲਰਾਂ 'ਤੇ ਗੰਭੀਰ ਦੋਸ਼ ਵੀ ਲਗਾਏ ਗਏ | ਇਸ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਵਾਹੀ ਨੂੰ ਪ੍ਰਧਾਨ ਬਣਾਇਆ ਗਿਆ, ਜਦਕਿ ਮਰਹੂਮ ਪੋਮੀ ਸੋਨੀ ਦੀ ਵੀ ਸ਼ਹਿਰੀ ਸਿਆਸਤ ਵਿਚ ਪ੍ਰਭਾਵਸ਼ਾਲੀ ਭੂਮਿਕਾ ਰਹੀ | ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨਾਲ ਕਾਂਗਰਸ ਦੇ ਕੁੱਝ ਆਗੂਆਂ ਦੀ ਨੇੜਤਾ ਵੀ ਸਿਆਸੀ ਚਰਚਾ ਦਾ ਕੇਂਦਰ ਰਹੀ ਅਤੇ ਆਖ਼ਰੀ ਸਮੇਂ ਵਿਚ ਕੌਂਸਲ ਵਿਚ ਦੋਵਾਂ ਧਿਰਾਂ ਦੀ ਸਾਂਝੀ ਕਾਰਗੁਜ਼ਾਰੀ ਵੀ ਵੇਖਣ ਨੂੰ ਮਿਲੀ | ਮੌਜੂਦਾ ਚੋਣ ਦਿ੍ਸ਼ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ 21 ਦੇ 21 ਵਾਰਡਾਂ ਵਿਚ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ | ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਦੋ ਵਾਰਡਾਂ ਵਿਚ ਉਮੀਦਵਾਰ ਨਹੀਂ ਉਤਾਰੇ | ਸਿਆਸੀ ਤੌਰ 'ਤੇ ਇਹ ਮੰਨਿਆ ਜਾ ਰਿਹਾ ਹੈ ਕਿ ਵਾਰਡ ਨੰਬਰ 13 ਤੋਂ ਸਾਬਕਾ ਪ੍ਰਧਾਨ ਅਸ਼ੋਕ ਵਾਹੀ ਅਤੇ ਵਾਰਡ ਨੰਬਰ 11 ਤੋਂ ਮਰਹੂਮ ਪੋਮੀ ਸੋਨੀ ਦੀ ਪਤਨੀ ਕਿਰਨ ਸੋਨੀ, ਜੋ ਕਾਂਗਰਸ ਟਿਕਟ ਅਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ, ਦੇ ਹੱਕ ਵਿਚ 'ਆਪ' ਨੇ ਜਾਣ ਬੁੱਝਕੇ ਆਪਣੇ ਉਮੀਦਵਾਰ ਨਹੀਂ ਦਿੱਤੇ | ਇਸ ਨੂੰ ਵਿਧਾਇਕ ਦਿਨੇਸ਼ ਚੱਢਾ ਵਲੋਂ ਨਿੱਜੀ ਸਿਆਸੀ ਸਮੀਕਰਨਾਂ ਅਤੇ ਪੁਰਾਣੇ ਸਬੰਧ ਨਿਭਾਉਣ ਵਜੋਂ ਵੀ ਦੇਖਿਆ ਜਾ ਰਿਹਾ ਹੈ | ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਚੋਣ ਮੈਦਾਨ ਵਿਚ ਸਭ ਤੋਂ ਵੱਧ ਸਰਗਰਮ ਨਜ਼ਰ ਆ ਰਿਹਾ ਹੈ ਅਤੇ ਉਸਦੇ ਉਮੀਦਵਾਰ ਕਈ ਵਾਰਡਾਂ ਵਿਚ ਮਜ਼ਬੂਤ ਟੱਕਰ ਦਿੰਦੇ ਦਿਖਾਈ ਦੇ ਰਹੇ ਹਨ | ਭਾਜਪਾ ਨੇ ਵੀ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਤੇਜ਼ ਕਰ ਦਿੱਤਾ ਹੈ | ਕਾਂਗਰਸ ਨੇ ਵਾਰਡ ਨੰਬਰ 4, 12, 14 ਅਤੇ 21 ਵਿਚ ਕੋਈ ਵੀ ਉਮੀਦਵਾਰ ਨਹੀਂ ਉਤਾਰਿਆ | ਹੁਣ 18 ਮਈ ਨੂੰ ਨਾਮਜ਼ਦਗੀਆਂ ਦੀ ਸਕਰੂਟਨੀ ਹੋਵੇਗੀ, ਜਦਕਿ 19 ਮਈ ਨੂੰ ਨਾਮ ਵਾਪਸ ਲੈਣ ਦੀ ਆਖ਼ਰੀ ਮਿਤੀ ਹੈ | ਇਸ ਤੋਂ ਬਾਅਦ ਹੀ ਚੋਣ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋਵੇਗੀ ਕਿ ਕੌਣ ਮੈਦਾਨ ਵਿਚ ਡਟਿਆ ਰਹਿੰਦਾ ਹੈ ਅਤੇ ਕੌਣ ਪਿੱਛੇ ਹਟਦਾ ਹੈ | ਇਸ ਵਾਰ ਸ਼ਹਿਰ ਦੀ ਸਿਆਸਤ ਵਿਚ ਸੰਜੇ ਵਰਮਾ ਦਾ ਯੂ-ਟਰਨ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਬੀਤੇ ਸਮੇਂ ਨਗਰ ਕੌਂਸਲ ਦੀ ਚੱਲਦੀ ਮੀਟਿੰਗ ਵਿਚ ਉਨ੍ਹਾਂ ਨੂੰ ਕੁਰਸੀ ਤੋਂ ਹਟਾ ਕੇ ਪ੍ਰਧਾਨ ਬਣੇ ਅਸ਼ੋਕ ਵਾਹੀ ਦੇ ਸਾਹਮਣੇ ਸੰਜੇ ਵਰਮਾ ਨੇ ਛਾਤੀ ਠੋਕ ਕੇ ਖੁੱਲ੍ਹੀ ਚੁਣੌਤੀ ਦਿੱਤੀ ਸੀ ਕਿ ਉਹ ਅਗਲੀ ਚੋਣ ਵਿਚ ਅਸ਼ੋਕ ਵਾਹੀ ਦੇ ਵਿਰੁੱਧ ਮੈਦਾਨ ਵਿਚ ਉਤਰਣਗੇ, ਭਾਵੇਂ ਵਾਹੀ ਕਿਸੇ ਵੀ ਵਾਰਡ ਤੋਂ ਚੋਣ ਲੜਨ | ਪਰ ਜਿੱਥੇ ਅਸ਼ੋਕ ਵਾਹੀ ਨੇ ਵਾਰਡ ਨੰਬਰ 13 ਤੋਂ ਆਪਣੇ ਕਾਗ਼ਜ਼ ਦਾਖਲ ਕਰ ਦਿੱਤੇ, ਉੱਥੇ ਸੰਜੇ ਵਰਮਾ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਫ਼ੋਨ ਬੰਦ ਕਰਕੇ ਘਰ ਬੈਠ ਗਏ, ਜਿਸ ਕਾਰਨ ਉਨ੍ਹਾਂ ਦੇ ਰੁਖ਼ ਨੂੰ ਲੈ ਕੇ ਵੀ ਸਿਆਸੀ ਚਰਚਾਵਾਂ ਚੱਲ ਰਹੀਆਂ ਹਨ | ਕੁੱਲ ਮਿਲਾ ਕੇ ਪੰਜ ਸਾਲ ਨਗਰ ਕੌਂਸਲ ਦੀ ਸੱਤਾ 'ਤੇ ਕਾਬਜ਼ ਰਹੀ ਕਾਂਗਰਸ ਪਾਰਟੀ ਇਸ ਵਾਰ ਚੋਣ ਮੈਦਾਨ ਵਿਚ ਕਾਫ਼ੀ ਕਮਜ਼ੋਰ ਦਿਖਾਈ ਦੇ ਰਹੀ ਹੈ | ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਇਹ ਮੁਕਾਬਲਾ ਕਿਸ ਪਾਸੇ ਮੋੜ ਲੈਂਦਾ ਹੈ ਅਤੇ ਸ਼ਹਿਰ ਦੀ ਸੱਤਾ ਕਿਸ ਦੇ ਹੱਥ ਆਉਂਦੀ ਹੈ |