ਨੰਗਲ, 17 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਇਸ ਵਾਰੀ ਜਿਹੜੇ ਕੌਂਸਲਰ ਚੁਣੇ ਜਾਣਗੇ ਉਨ੍ਹਾਂ 'ਚ ਤਿੰਨ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ, ਸੰਜੈ ਸਾਹਨੀ, ਅਸ਼ੌਕ ਪੁਰੀ ਨਹੀਂ ਹੋਣਗੇ | ਠਾਹ ਸੋਟਾ ਟਿੱਪਣੀ ਕਾਰ ਅਤੇ ਬਹੁਚਰਚਿਤ ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਵੀ ਨਗਰ ਕੌਂਸਲ 'ਚ ਨਹੀਂ ਹੋਣਗੇ | ਕਸੂਤੀ ਵਾਰਡਬੰਦੀ ਅਤੇ ਟਿਕਟਾਂ ਦੀ ਵੰਡ ਨੇ ਉਕਤ ਚਾਰੇ ਹਸਤੀਆਂ ਲਈ ਬੜੀ ਹੀ ਅਜੀਬ ਸਥਿਤੀ ਪੈਦਾ ਕਰ ਦਿੱਤੀ ਹੈ | ਬੇਸ਼ੱਕ ਸਾਬਕਾ ਪ੍ਰਧਾਨ ਸੰਜੇ ਸਾਹਨੀ ਦੀ ਪਤਨੀ ਨੇਹਾ ਸਾਹਨੀ ਵਾਰਡ ਨੰਬਰ ਦੋ ਅਤੇ ਅਸ਼ੌਕ ਪੁਰੀ ਦੀ ਪਤਨੀ ਮਹੇਸ਼ ਪੁਰੀ ਵਾਰਡ ਨੰਬਰ 16 'ਚੋਂ ਚੋਣ ਲੜ ਰਹੇ ਹਨ ਪਰ ਹਾਊਸ 'ਚ ਬੋਲਣ ਦਾ ਜ਼ਿਆਦਾ ਤਜਰਬਾ ਸੰਜੈ ਸਾਹਨੀ ਅਤੇ ਅਸ਼ੌਕ ਪੁਰੀ ਕੋਲ ਹੀ ਹੀ ਹੈ | ਇਲਾਕੇ 'ਚ ਸਭ ਤੋਂ ਵੱਧ ਚਰਚਾ ਕਾਂਗਰਸ ਪਾਰਟੀ ਦੇ ਫ਼ਾਇਰ ਬ੍ਰਾਂਡ ਆਗੂ ਪਰਮਜੀਤ ਪੰਮਾ ਅਤੇ ਭਾਜਪਾ ਦੇ ਫਾਇਰ ਬ੍ਰਾਂਡ ਆਗੂ ਰਾਜੇਸ਼ ਚੌਧਰੀ ਦੀ ਹੈ ਜਿਹੜੇ ਕਈ ਕਾਰਨਾਂ ਕਰਕੇ ਇਲੈੱਕਸ਼ਨ ਨਹੀਂ ਲੜ ਰਹੇ | ਰਾਜੇਸ਼ ਚੌਧਰੀ ਭਾਜਪਾ ਦੇ ਵੱਡੇ ਸਮਾਗਮਾਂ 'ਚ ਵੀ ਕਦੇ ਨਜ਼ਰ ਨਹੀਂ ਆਏ | ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਹਰਜੋਤ ਸਿੰਘ ਬੈਂਸ ਹਨ | ਕਾਂਗਰਸ ਪਾਰਟੀ ਦੀ ਕਮਾਨ ਰਾਣਾ ਕੇ.ਪੀ. ਸਿੰਘ ਦੇ ਹੱਥ 'ਚ ਹੈ ਜਦੋਂ ਕਿ ਭਾਜਪਾ ਦੇ ਸਟਾਰ ਪ੍ਰਚਾਰਕ ਡਾ. ਸੁਭਾਸ਼ ਸ਼ਰਮਾ ਹਨ | ਹਰਜੋਤ ਸਿੰਘ ਬੈਂਸ ਦਾ ਦਾਅਵਾ ਹੈ ''ਕੌਂਸਲ ਸਾਡੀ ਬਣੇਗੀ ਅਤੇ ਅਸੀਂ ਲੋਕਾਂ ਨੂੰ 19 ਕੌਂਸਲਰ ਨਹੀਂ ਸੇਵਾਦਾਰ ਦਿਆਂਗੇ |'' ਰਾਣਾ ਕੇ.ਪੀ. ਸਿੰਘ ਸਪਸ਼ਟ ਆਖਦੇ ਹਨ ''ਲੋਕੀਂ ਸਾਡੇ ਨਾਲ ਹਨ ਕੌਂਸਲ ਸਾਡੀ ਹੀ ਬਣੇਗੀ ਬੇਸ਼ੱਕ ਸਰਕਾਰੀ ਧੱਕਾ ਵੀ ਹੋਵੇ |'' ਡਾਕਟਰ ਸੁਭਾਸ਼ ਸ਼ਰਮਾ ਦਾ ਦਾਅਵਾ ਹੈ ਕਿ ''ਲੋਕੀਂ ਸਾਡੇ ਨਾਲ ਹਨ ਅਤੇ ਅਸੀਂ ਬਹੁਮਤ ਹਾਸਿਲ ਕਰਾਂਗੇ |'' ਰਾਜਸੀ ਮਾਮਲਿਆਂ ਦੇ ਜਾਣਕਾਰ ਰਾਕੇਸ਼ ਸ਼ਰਮਾ ਨੇ ਟਿੱਪਣੀ ਕੀਤੀ ਹੈ ਰਾਜੇਸ਼ ਚੌਧਰੀ ਅਤੇ ਪਰਮਜੀਤ ਪੰਮਾ ਵਾਂਗ ਹੁਣ ਹਾਊਸ 'ਚ ਕੌਣ ਗੱਜੇਗਾ ਇਹ ਭਵਿੱਖ ਹੀ ਦੱਸੇਗਾ |'' ਇਸੇ ਦੌਰਾਨ ਸਾਬਕਾ ਕੌਂਸਲਰ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਉਮੀਦ ਹੈ ਨਵੇਂ ਚੁਣੇ ਜਾਣ ਵਾਲੇ ਕੌਂਸਲਰ ਸਰਕਾਰੀ ਖ਼ਜ਼ਾਨੇ ਦੀ ਲੁੱਟ ਬਾਰੇ ਆਵਾਜ਼ ਬੁਲੰਦ ਕਰਨਗੇ | ਮੇਰੇ ਬਿਆਨ ਚਾਰ ਵਾਰੀ ਵਿਜੀਲੈਂਸ ਨੇ ਨੋਟ ਕੀਤੇ ਪਰ ਹੋਇਆ ਕੱਖ ਨਹੀਂ |