ਡੇਰਾਬੱਸੀ, 17 ਮਈ (ਰਣਬੀਰ ਸਿੰਘ ਪੜ੍ਹੀ)-ਸਥਾਨਕ ਪੁਲਿਸ ਵਲੋਂ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਕ ਵੱਡੀ ਕਾਰਵਾਈ ਕਰਦਿਆਂ ਬਰਵਾਲਾ ਰੋਡ ਨੇੜਿਓਾ ਰੇਤੇ ਨਾਲ ਲੱਦਿਆ ਇਕ ਟਿੱਪਰ ਜ਼ਬਤ ਕਰਕੇ ਡਰਾਈਵਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਮਿਤ ਮੋਰ ਨੇ ਦੱਸਿਆ ਕਿ ਏ. ਐਸ. ਆਈ. ਦਿਲਬਾਗ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਇਲਾਕੇ ਵਿਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਅਤੇ ਗਸ਼ਤ ਸੰਬੰਧੀ ਬਰਵਾਲਾ ਰੋਡ 'ਤੇ ਮੌਜੂਦ ਸੀ | ਇਸੇ ਦੌਰਾਨ ਪਿੰਡ ਸੈਦਪੁਰਾ ਵਾਲੀ ਸਾਈਡ ਤੋਂ ਇਕ ਟਿੱਪਰ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਪੁਲਿਸ ਪਾਰਟੀ ਵਲੋਂ ਸ਼ੱਕ ਦੇ ਅਧਾਰ 'ਤੇ ਰੋਕਿਆ ਗਿਆ ਅਤੇ ਉਸਦੀ ਚੈਕਿੰਗ ਦੌਰਾਨ ਟਿੱਪਰ ਰੇਤੇ ਨਾਲ ਪੂਰੀ ਤਰ੍ਹਾਂ ਲੱਦਿਆ ਹੋਇਆ ਪਾਇਆ ਗਿਆ | ਇਸ ਦੌਰਾਨ ਜਦੋਂ ਪੁਲਿਸ ਵਲੋਂ ਟਿੱਪਰ ਚਾਲਕ ਕੋਲੋਂ ਰੇਤੇ ਦੀ ਮਾਈਨਿੰਗ ਅਤੇ ਢੋਆ-ਢੁਆਈ ਨਾਲ ਸੰਬੰਧਿਤ ਕਾਨੂੰਨੀ ਕਾਗਜ਼ਾਤ ਮੰਗੇ ਗਏ ਤਾਂ ਉਹ ਮੌਕੇ 'ਤੇ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਟਿੱਪਰ ਨੂੰ ਕਬਜ਼ੇ ਵਿਚ ਲੈ ਕੇ ਚਾਲਕ ਨੂੰ ਮੌਕੇ 'ਤੇ ਹੀ ਗਿ੍ਫ਼ਤਾਰ ਕਰ ਲਿਆ | ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਸੋਮਨਾਥ ਪੁੱਤਰ ਸਾਧੂ ਰਾਮ ਵਾਸੀ ਪਿੰਡ ਗੜ੍ਹੀ ਕੋਟਾਹਾ ਥਾਣਾ ਰਾਏਪੁਰ ਰਾਣੀ ਜ਼ਿਲ੍ਹਾ ਪੰਚਕੂਲਾ (ਹਰਿਆਣਾ) ਵਜੋਂ ਹੋਈ ਹੈ | ਹਾਲਾਂਕਿ, ਬਾਅਦ ਵਿਚ ਮੁਲਜ਼ਮ ਡਰਾਈਵਰ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਲਾਕੇ 'ਚ ਕਿਸੇ ਵੀ ਕੀਮਤ 'ਤੇ ਨਾਜਾਇਜ਼ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹੀਆਂ ਚੈਕਿੰਗਾਂ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ |