ਰੂਪਨਗਰ, 18 ਮਈ (ਯਸ਼ਵੰਤ ਬੱਸੀ)-ਅੰਤਰਰਾਸ਼ਟਰੀ ਡੇਂਗੂ ਦਿਵਸ ਦੇ ਸਬੰਧ ਵਿਚ ਸਿਹਤ ਵਿਭਾਗ ਰੂਪਨਗਰ ਵਲੋਂ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਡੇਂਗੂ ਬੁਖਾਰ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਹਿੱਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿੱਚ 300 ਤੋਂ ਵੱਧ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਭਾਗ ਲਿਆ | ਇਸ ਮੌਕੇ ਡਾ. ਰਮਨ ਕੁਮਾਰ ਗੁਪਤਾ ਨੇ ਕਿਹਾ ਕਿ ਡੇਂਗੂ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜੋ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼-ਸੁਥਰੇ ਪਾਣੀ ਵਿਚ ਪੈਦਾ ਹੁੰਦਾ ਹੈ ਇਹ ਮੱਛਰ ਚਿੱਟੀਆਂ ਧਾਰੀਆਂ ਵਾਲਾ ਹੁੰਦਾ ਹੈ | ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਮਾਸਪੇਸ਼ੀਆਂ ਤੇ ਜੋੜਾਂ ਵਿਚ ਦਰਦ, ਸਰੀਰ 'ਤੇ ਲਾਲ ਦਾਣੇ ਅਤੇ ਉਲਟੀਆਂ ਡੇਂਗੂ ਦੇ ਮੁੱਖ ਲੱਛਣ ਹਨ | ਜੇਕਰ ਬੁਖਾਰ ਦੇ ਨਾਲ ਨੱਕ-ਮੂੰਹ ਵਿਚੋਂ ਖੂਨ ਆਉਣਾ, ਕਾਲੇ ਰੰਗ ਦੇ ਦਸਤ ਲੱਗਣੇ, ਪੇਟ ਵਿਚ ਤੇਜ਼ ਦਰਦ ਜਾਂ ਬੇਹੋਸ਼ੀ ਵਰਗੇ ਚਿਤਾਵਨੀ ਸੰਕੇਤ ਨਜ਼ਰ ਆਉਣ ਤਾਂ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਚੈੱਕਅੱਪ ਕਰਵਾਉਣਾ ਚਾਹੀਦਾ ਹੈ | ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ | ਕੂਲਰ, ਗਮਲੇ, ਟੁੱਟੇ-ਫੁੱਟੇ ਬਰਤਨ, ਟਾਇਰਾਂ ਵਿਚ ਹਰ ਹਫ਼ਤੇ ਪਾਣੀ ਬਦਲੋ | ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ ਅਤੇ ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਕਰੋ | ਇਸ ਮੌਕੇ ਸਿਵਲ ਸਰਜਨ ਵਲੋਂ ਬੱਚਿਆਂ ਨਾਲ ਸਵਾਲ ਜਵਾਬ ਕੀਤੇ ਗਏ ਜਿਸ ਦਾ ਕਿ ਬੱਚਿਆਂ ਨੇ ਬੜੇ ਉਤਸਾਹ ਨਾਲ ਜਵਾਬ ਦਿੱਤੇ | ਡਿਪਟੀ ਮੈਡੀਕਲ ਕਮਿਸ਼ਨਰ ਡਾ. ਉਰਮਿਲ ਗਰਗ ਅਤੇ ਡਾ. ਹਰਸ਼ਰਨ ਕੌਰ ਨੇ ਵੀ ਬੱਚਿਆਂ ਨੂੰ ਡੇਂਗੂ ਦੀ ਰੋਕਥਾਮ ਲਈ 'ਹਰ ਐਤਵਾਰ, ਡੇਂਗੂ 'ਤੇ ਵਾਰ' ਮੁਹਿੰਮ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਹਰ ਸ਼ੁੱਕਰਵਾਰ ਆਪਣੇ ਘਰ ਦਾ ਨਿਰੀਖਣ ਕਰਕੇ ਮੱਛਰ ਦਾ ਲਾਰਵਾ ਨਸ਼ਟ ਕਰਨ ਦੀ ਸਲਾਹ ਦਿੱਤੀ | ਡੇਂਗੂ ਸਬੰਧੀ ਟੈੱਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਉਪਲਬਧ ਹਨ | ਇਸ ਮੌਕੇ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਸ੍ਰੀਮਤੀ ਰੀਤੂ ਹੈਲਥ ਇੰਸਪੈਕਟਰ ਰਣਜੀਤ ਸਿੰਘ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |