ਰੂਪਨਗਰ, 18 ਮਈ (ਯਸ਼ਵੰਤ ਬੱਸੀ)- ਸਿਵਲ ਹਸਪਤਾਲ ਰੂਪਨਗਰ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਤਹਿਤ ਵਿਸ਼ੇਸ਼ ਚੈੱਕਅਪ ਕੈਂਪ ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਮੈਡੀਕਲ ਸਪੈਸ਼ਲਿਸਟ ਡਾ. ਪੁਨੀਤ ਸੈਣੀ ਵੱਲੋਂ 110 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਕੈਂਪ ਦੌਰਾਨ ਮਰੀਜ਼ਾਂ ਦਾ ਬਲੱਡ ਪੈ੍ਰਸ਼ਰ ਤੇ ਸ਼ੂਗਰ ਵੀ ਚੈੱਕ ਕੀਤਾ ਗਿਆ | ਇਸ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅੰਜਲੀ ਚੌਧਰੀ ਅਤੇ ਡੀ.ਡੀ.ਐਚ.ਓ. ਡਾ. ਰਜਨੀਤ ਬੈਂਸ ਵੱਲੋਂ ਕੈਂਪ ਦਾ ਜਾਇਜ਼ਾ ਲਿਆ ਗਿਆ | ਡਾ. ਅੰਜਲੀ ਚੌਧਰੀ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਹਾਈਪਰਟੈਨਸ਼ਨ ਬਾਰੇ ਜਾਗਰੂਕ ਕਰਨਾ ਹੈ | ਉਨ੍ਹਾਂ ਦੱਸਿਆ ਕਿ ਹਾਈਪਰਟੈਨਸ਼ਨ (ਉੱਚ ਰਕਤ ਚਾਪ) ਸਟ੍ਰੋਕ, ਦਿਲ ਦੇ ਦੌਰੇ, ਗੁਰਦੇ ਦੀਆਂ ਬਿਮਾਰੀਆਂ ਤੇ ਡਿਮੇਨਸ਼ੀਆ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ | ਉਨ੍ਹਾਂ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ ਸਾਡੀਆਂ ਗਲਤ ਜੀਵਨ ਸ਼ੈਲੀਆਂ, ਤਣਾਅ ਤੇ ਅਣਸਿਹਤਮੰਦ ਆਦਤਾਂ ਕਾਰਨ ਪੈਦਾ ਹੁੰਦਾ ਹੈ | ਇਸ ਲਈ ਖ਼ਾਸ ਤੌਰ 'ਤੇ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਿਯਮਤ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਹਾਈਪਰਟੈਨਸ਼ਨ ਦੀ ਜਾਂਚ ਅਤੇ ਇਲਾਜ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਉਪਲਬਧ ਹੈ |