ਨੂਰਪੁਰ ਬੇਦੀ, 19 ਮਈ (ਰਾਜੇਸ਼ ਚੌਧਰੀ ਤਖਤਗੜ੍ਹ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਅਹਿਮ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ ਦੀ ਪ੍ਰਧਾਨਗੀ ਹੇਠ ਹੋਈ | ਜਿਸਦੀ ਕਾਰਵਾਈ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਚਲਾਈ | ਮੀਟਿੰਗ 'ਚ ਆਗੂਆਂ ਨੇ ਦੱਸਿਆ ਕਿ ਯੂਨੀਅਨ ਵਲੋਂ 25 ਅਪ੍ਰੈਲ ਨੂੰ ਵਣ ਮੰਤਰੀ ਦੇ ਹਲਕਾ ਭੋਆ ਵਿਖੇ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਸੀ | ਇਸ ਸਬੰਧੀ ਵਣ ਮੰਤਰੀ ਵਲੋਂ ਜਥੇਬੰਦੀ ਨੂੰ 14 ਮਈ ਨੂੰ ਮੀਟਿੰਗ ਲਈ ਸਮਾਂ ਦਿੱਤਾ ਗਿਆ ਸੀ, ਪਰ ਆਖ਼ਰੀ ਸਮੇਂ ਮੀਟਿੰਗ ਰੱਦ ਕਰ ਦਿੱਤੀ ਗਈ | ਯੂਨੀਅਨ ਨੇ ਇਸਨੂੰ ਕਰਮਚਾਰੀਆਂ ਨਾਲ ਧੋਖਾ ਕਰਾਰ ਦਿੰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ | ਆਗੂਆਂ ਨੇ ਕਿਹਾ ਕਿ ਦੋ-ਤਿੰਨ ਮਹੀਨਿਆਂ ਤੋਂ ਰੁਕੀਆਂ ਤਨਖ਼ਾਹਾਂ ਕਾਰਨ ਵਰਕਰ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ 20-25 ਸਾਲਾਂ ਤੋਂ ਸੇਵਾ ਕਰ ਰਹੇ ਕਰਮਚਾਰੀਆਂ ਨੂੰ ਬਿਨਾ ਸ਼ਰਤ ਪੱਕਾ ਕੀਤਾ ਜਾਵੇ ਤੇ ਪੂਰੇ ਸਕੇਲ ਅਨੁਸਾਰ ਤਨਖ਼ਾਹਾਂ ਦਿੱਤੀਆਂ ਜਾਣ | ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ 20 ਤੋਂ 25 ਮਈ ਤੱਕ ਵੱਖ-ਵੱਖ ਜ਼ਿਲ੍ਹਾ ਕੇਂਦਰਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਇਸ ਮੌਕੇ ਡਿਪਟੀ ਕਮਿਸ਼ਨਰਾਂ, ਐੱਸ.ਡੀ.ਐੱਮਜ਼ ਅਤੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਰਾਹੀਂ ਵਣ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ | ਇਸੇ ਤਹਿਤ ਰੇਂਜ ਨੂਰਪੁਰ ਬੇਦੀ ਅਤੇ ਨੂਰਪੁਰ ਖ਼ੁਰਦ ਨਰਸਰੀ ਵਿਖੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਰਵੀਕਾਂਤ ਦੀ ਅਗਵਾਈ 'ਚ ਵਰਕਰਾਂ ਨੇ ਮੀਟਿੰਗ ਕਰਕੇ ਫ਼ੈਸਲਾ ਲਿਆ ਗਿਆ ਕਿ 22 ਮਈ ਨੂੰ ਵਣ ਮੰਡਲ ਅਫ਼ਸਰ ਰੂਪਨਗਰ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ | ਜਦਕਿ 10 ਜੂਨ ਨੂੰ ਮੰਤਰੀ ਦੇ ਹਲਕਾ ਭੋਆ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਰਵੀਕਾਂਤ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ, ਰਾਜ ਨਰਾਇਣ, ਕੇਸਰ ਸਿੰਘ, ਹਰਮੇਸ਼ ਪੱਪੂ, ਸੁਰਿੰਦਰਪਾਲ, ਰਾਮਪਾਲ, ਜਸਵਿੰਦਰ ਸਿੰਘ, ਮੁਕੇਸ਼ ਤੇ ਸ਼ੰਕਰ ਸਿੰਘ ਚੌਧਰੀ ਹੋਰ ਵਰਕਰ ਹਾਜ਼ਰ ਸਨ |