ਪੰਜਾਬ ਯੂਨੀਵਰਸਿਟੀ ’ਚ ਸਾਇੰਸ ਵਿਭਾਗਾਂ ਦੀ ਇਕਸਾਰ ਐਗਰੀਗੇਟ ਕ੍ਰੈਡਿਟ ਆਧਾਰਿਤ ਪ੍ਰਮੋਸ਼ਨ ਨੀਤੀ ਦੀ ਮੰਗ ਹੋਈ ਪ੍ਰਵਾਨ
ਚੰਡੀਗੜ੍ਹ, 6 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਸਾਰੇ ਸਾਇੰਸ ਵਿਭਾਗਾਂ ਵਿਚ ਪ੍ਰਮੋਸ਼ਨ ਲਈ ਇਕਸਾਰ ਐਗਰੀਗੇਟ ਕ੍ਰੈਡਿਟ ਆਧਾਰਿਤ ਨੀਤੀ ਲਾਗੂ ਕਰਨ ਦੀ ਵਿਦਿਆਰਥੀ ਜਥੇਬੰਦੀ ‘ਸੱਥ’ ਦੀ ਮੰਗ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਪ੍ਰਵਾਨ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵਿਦਿਆਰਥੀ ਜਥੇਬੰਦੀ ਸੱਥ ਨੇ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਅਤੇ ਡੀਨ ਯੂਨੀਵਰਸਿਟੀ ਇੰਸਟਰਕਸ਼ਨ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਸੀ।
ਚੰਡੀਗੜ੍ਹ, 6 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਸਾਰੇ ਸਾਇੰਸ ਵਿਭਾਗਾਂ ਵਿਚ ਪ੍ਰਮੋਸ਼ਨ ਲਈ ਇਕਸਾਰ ਐਗਰੀਗੇਟ ਕ੍ਰੈਡਿਟ ਆਧਾਰਿਤ ਨੀਤੀ ਲਾਗੂ ਕਰਨ ਦੀ ਵਿਦਿਆਰਥੀ ਜਥੇਬੰਦੀ ‘ਸੱਥ’ ਦੀ ਮੰਗ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਪ੍ਰਵਾਨ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵਿਦਿਆਰਥੀ ਜਥੇਬੰਦੀ ਸੱਥ ਨੇ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਅਤੇ ਡੀਨ ਯੂਨੀਵਰਸਿਟੀ ਇੰਸਟਰਕਸ਼ਨ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਸੀ। ਇਸ ਵਿਚ ਸਾਰੇ ਸਾਇੰਸ ਵਿਭਾਗਾਂ ਦੇ ਵਿਦਿਆਰਥੀਆਂ ਲਈ ਪ੍ਰਮੋਸ਼ਨ ਦੇ ਇਕਸਾਰ ਮਾਪਦੰਡ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ। ਮੰਗ ਸੀ ਕਿ ਅਗਲੇ ਸਾਲ ਵਿਚ ਪ੍ਰਮੋਸ਼ਨ ਲਈ ਯੋਗਤਾ ਪਿਛਲੇ ਅਕਾਦਮਿਕ ਸਾਲਾਂ ਦੇ ਕੁਲ ਕ੍ਰੈਡਿਟਾਂ ’ਚੋਂ 80 ਫ਼ੀਸਦੀ ਕ੍ਰੈਡਿਟ ਹਾਸਿਲ ਕਰਨ ਦੇ ਆਧਾਰ ’ਤੇ ਤੈਅ ਕੀਤੀ ਜਾਵੇ। ਮੌਜੂਦਾ ਪ੍ਰਮੋਸ਼ਨ ਪ੍ਰਣਾਲੀ ਵਿਚ ਕਾਫ਼ੀ ਅਸਮਾਨਤਾ ਸੀ। ਸਾਇੰਸ ਦੇ ਕਈ ਵਿਭਾਗਾਂ ਵਿਚ ਵਿਦਿਆਰਥੀਆਂ ਦੀ ਪ੍ਰਮੋਸ਼ਨ ਲਈ ਯੋਗਤਾ ਪਿਛਲੇ ਅਕਾਦਮਿਕ ਸਾਲ ਦੇ 80 ਫ਼ੀਸਦੀ ਕ੍ਰੈਡਿਟ ਹਾਸਿਲ ਕਰਨ ਦੇ ਆਧਾਰ ’ਤੇ ਤੈਅ ਕੀਤੀ ਜਾਂਦੀ ਸੀ, ਜਦਕਿ ਕਈ ਹੋਰ ਵਿਭਾਗਾਂ ਵਿਚ ਪਿਛਲੇ ਅਕਾਦਮਿਕ ਸਾਲਾਂ ਦੇ ਕੁੱਲ ਕ੍ਰੈਡਿਟਾਂ ਵਿਚੋਂ 80 ਫ਼ੀਸਦੀ ਕ੍ਰੈਡਿਟ ਹਾਸਿਲ ਕਰਨ ਦਾ ਮਾਪਦੰਡ ਲਾਗੂ ਸੀ। ਇਸ ਅਸਮਾਨਤਾ ਕਾਰਨ ਵੱਖ-ਵੱਖ ਵਿਭਾਗਾਂ ਵਿਚ ਇਕੋ ਜਿਹੇ ਅਕਾਦਮਿਕ ਪ੍ਰੋਗਰਾਮਾਂ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨਾਲ ਵੱਖਰਾ ਸਲੂਕ ਹੋ ਰਿਹਾ ਸੀ। ਸੱਥ ਵਲੋਂ ਉਠਾਏ ਗਏ ਇਸ ਮੁੱਦੇ ਅਤੇ ਸੌਂਪੇ ਗਏ ਮੰਗ-ਪੱਤਰ ਤੋਂ ਬਾਅਦ, ਸਾਇੰਸ ਵਿਭਾਗਾਂ ਦੇ ਚੇਅਰਪਰਸਨਾਂ ਅਤੇ ਡੀਨ ਯੂਨੀਵਰਸਿਟੀ ਇੰਸਟਰਕਸ਼ਨ ਵਿਚਕਾਰ ਇਕ ਮੀਟਿੰਗ ਹੋਈ। ਮੀਟਿੰਗ ਵਿਚ ਪਿਛਲੇ ਅਕਾਦਮਿਕ ਸਾਲਾਂ ਦੇ ਕੁੱਲ ਕ੍ਰੈਡਿਟਾਂ ਵਿਚੋਂ 80 ਫ਼ੀਸਦੀ ਕ੍ਰੈਡਿਟ ਹਾਸਿਲ ਕਰਨ ਦੇ ਆਧਾਰ ’ਤੇ ਪ੍ਰਮੋਸ਼ਨ ਦੇ ਇਕਸਾਰ ਮਾਪਦੰਡ ਅਪਣਾਉਣ ਲਈ ਸਰਬਸੰਮਤੀ ਨਾਲ ਸਹਿਮਤੀ ਬਣੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਹੁਣ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਹਨ। ਜਿਸ ਨਾਲ ਸਾਇੰਸ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਵੱਡੀ ਅਕਾਦਮਿਕ ਰਾਹਤ ਮਿਲੇਗੀ।