ਧੂੜ, ਪ੍ਰਦੂਸ਼ਣ, ਪਟਾਕਿਆਂ ਦੇ ਧੂੰਏਂ ਨਾਲ ਚਮੜੀ ਦੀ ਕੁਦਰਤੀ ਸੁਰੱਖਿਆ ਪਰਤ ਨੂੰ ਹੋ ਸਕਦਾ ਹੈ ਨੁਕਸਾਨ-ਮਾਹਿਰ
ਚੰਡੀਗੜ੍ਹ, 6 ਨਵੰਬਰ (ਅਜਾਇਬ ਸਿੰਘ ਔਜਲਾ)-ਧੂੜ, ਪ੍ਰਦੂਸ਼ਣ, ਪਟਾਕਿਆਂ ਦਾ ਧੂੰਆਂ ਤੇ ਕਾਸਮੈਟਿਕਸ ਦੀ ਲੰਬੇ ਸਮੇਂ ਤੱਕ ਵਰਤੋਂ ਚਮੜੀ ਦੀ ਕੁਦਰਤੀ ਸੁਰੱਖਿਆ ਪਰਤ ਨੂੰ ਕਮਜ਼ੋਰ ਕਰ ਸਕਦੀ ਹੈ। ਇਸ ਕਾਰਨ ਚਮੜੀ ਵਿਚ ਖੁਸ਼ਕੀ, ਜਲਣ, ਰੋਮ-ਛਿੱਦਰ ਬੰਦ ਹੋਣ ਤੇ ਮੁਹਾਸਿਆਂ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਚੰਡੀਗੜ੍ਹ, 6 ਨਵੰਬਰ (ਅਜਾਇਬ ਸਿੰਘ ਔਜਲਾ)-ਧੂੜ, ਪ੍ਰਦੂਸ਼ਣ, ਪਟਾਕਿਆਂ ਦਾ ਧੂੰਆਂ ਤੇ ਕਾਸਮੈਟਿਕਸ ਦੀ ਲੰਬੇ ਸਮੇਂ ਤੱਕ ਵਰਤੋਂ ਚਮੜੀ ਦੀ ਕੁਦਰਤੀ ਸੁਰੱਖਿਆ ਪਰਤ ਨੂੰ ਕਮਜ਼ੋਰ ਕਰ ਸਕਦੀ ਹੈ। ਇਸ ਕਾਰਨ ਚਮੜੀ ਵਿਚ ਖੁਸ਼ਕੀ, ਜਲਣ, ਰੋਮ-ਛਿੱਦਰ ਬੰਦ ਹੋਣ ਤੇ ਮੁਹਾਸਿਆਂ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਤਿਉਹਾਰਾਂ ਦੇ ਸੀਜ਼ਨ ਦੌਰਾਨ ਚਮੜੀ ਦੀ ਸਹੀ ਦੇਖਭਾਲ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਪਾਰਕ ਦੀ ਚਮੜੀ ਰੋਗ ਮਾਹਿਰ ਤੇ ਐਸਥੈਟਿਕ ਸਪੈਸ਼ਲਿਸਟ ਡਾ. ਆਸਥਾ ਸ਼ਰਮਾ ਨੇ ਸਿਹਤਮੰਦ, ਨਮੀ ਭਰਪੂਰ ਅਤੇ ਚਮਕਦਾਰ ਚਮੜੀ ਬਣਾਈ ਰੱਖਣ ਲਈ ਕੁਝ ਅਹਿਮ ਸੁਝਾਅ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਨਿਯਮਤ ਸਕਿਨਕੇਅਰ ਰੁਟੀਨ ਅਪਣਾਉਣ ਤੇ ਕੁਝ ਜ਼ਰੂਰੀ ਸਾਵਧਾਨੀਆਂ ਵਰਤਣ ਨਾਲ ਚਮੜੀ ਨੂੰ ਸਿਹਤਮੰਦ ਤੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਡਾ. ਸ਼ਰਮਾ ਨੇ ਕਿਹਾ, “ਚਮੜੀ ਦੀ ਚੰਗੀ ਸਿਹਤ ਬਣਾਈ ਰੱਖਣ ਲਈ ਹਰ ਰਾਤ ਡਬਲ ਕਲੀਨਜ਼ਿੰਗ ਕਰਨਾ ਬਹੁਤ ਜ਼ਰੂਰੀ ਹੈ। ਮੇਕਅੱਪ, ਸਨਸਕ੍ਰੀਨ, ਧੂੜ ਤੇ ਵਾਤਾਵਰਨ ਵਿਚ ਮੌਜੂਦ ਪ੍ਰਦੂਸ਼ਕ ਤੱਤਾਂ ਨੂੰ ਹਟਾਉਣ ਲਈ ਪਹਿਲਾਂ ਕਿਸੇ ਹਲਕੇ ਮੇਕਅੱਪ ਰਿਮੂਵਰ ਜਾਂ ਕਲੀਨਜ਼ਿੰਗ ਆਇਲ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਇਸ ਤੋਂ ਬਾਅਦ ਹਲਕੇ ਫੇਸਵਾਸ਼ ਨਾਲ ਚਿਹਰਾ ਸਾਫ਼ ਕਰਨਾ ਚਾਹੀਦਾ ਹੈ। ਚਮੜੀ ਵਿਚ ਲੋੜੀਂਦੀ ਨਮੀ ਬਣਾਈ ਰੱਖਣਾ ਵੀ ਉਨਾ ਹੀ ਮਹੱਤਵਪੂਰਨ ਹੈ। ਇਸ ਲਈ ਲੋੜੀਂਦੀ ਮਾਤਰਾ ਵਿਚ ਪਾਣੀ ਪੀਣ ਦੇ ਨਾਲ-ਨਾਲ ਹਾਇਲੂਰੋਨਿਕ ਐਸਿਡ, ਗਲਿਸਰੀਨ ਤੇ ਸਿਰਾਮਾਈਡਜ਼ ਵਰਗੇ ਤੱਤਾਂ ਵਾਲੇ ਮਾਇਸਚਰਾਈਜ਼ਰ ਦੀ ਨਿਯਮਤ ਵਰਤੋਂ ਕਰਨੀ ਚਾਹੀਦੀ ਹੈ। ਇਹ ਤੱਤ ਚਮੜੀ ’ਚ ਨਮੀ ਬਣਾਈ ਰੱਖਣ, ਇਸ ਦਾ ਸੰਤੁਲਨ ਕਾਇਮ ਰੱਖਣ ਅਤੇ ਕੁਦਰਤੀ ਸੁਰੱਖਿਆ ਪਰਤ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਹੁੰਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਚਮੜੀ ਨੂੰ ਸਿਹਤਮੰਦ ਰੱਖਣ ਲਈ ਸਿਰਫ਼ ਬਾਹਰੀ ਦੇਖਭਾਲ ਹੀ ਕਾਫ਼ੀ ਨਹੀਂ ਹੈ, ਸਗੋਂ ਸੰਤੁਲਿਤ ਖੁਰਾਕ ਤੇ ਸਿਹਤਮੰਦ ਜੀਵਨਸ਼ੈਲੀ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਤਾਜ਼ੇ ਫਲ, ਸਬਜ਼ੀਆਂ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਖੁਰਾਕ ਲੈਣਾ, ਲੋੜੀਂਦੀ ਨੀਂਦ ਲੈਣਾ ਅਤੇ ਮਿੱਠੇ ਤੇ ਪ੍ਰੋਸੈਸਡ ਖਾਧ ਪਦਾਰਥਾਂ ਦੀ ਵਰਤੋਂ ਸੀਮਤ ਰੱਖਣਾ ਚਮੜੀ ਦੀ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਵਿਚ ਮਦਦਗਾਰ ਹੋ ਸਕਦਾ ਹੈ।