ਸ੍ਰੀ ਚਮਕੌਰ ਸਾਹਿਬ, 19 ਮਈ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀ 'ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਂਮਲੈਂਡ ਪਬਲਿਕ ਸਕੂਲ' ਦੇ ਵਿਦਿਆਰਥੀਆਂ ਨੂੰ 'ਵਿਅਕਤੀਗਤ-ਹੁਨਰ' ਦੀ ਮਹੱਤਤਾ ਨੂੰ , ਸ਼ਿੱਦਤ ਨਾਲ ਸਮਝਾਉਣ ਹਿਤ, ਬਿਜਲਈ ਯੰਤਰ' ਤਿਆਰ ਕਰਨ ਵਾਲੀ ਸਨਅਤ 'ਮਰਾਹਰ ਪਾਵਰ ਕੰਟਰੋਲ ਪ੍ਰਾ: ਲਿਮਟਿਡ, ਕੱਕੜਵਾਲ ਨੇੜੇ ਧੂਰੀ, ਇਕਾਈ ਵਿਚ ਲਿਜਾਇਆ ਗਿਆ | ਇਸ ਇਕਾਈ ਵਿਚ ਵਿਦਿਆਰਥੀਆਂ ਨੇ ਨੌਜਵਾਨ ਲੜਕੀਆਂ ਨੂੰ ਵੈਲਡਿੰਗ ਕਰਦਿਆਂ, ਲੇਜ਼ਰ ਨਾਲ ਲੋਹੇ ਦੀਆਂ ਸੀਟਾਂ ਕੱਟਦਿਆਂ ਅਤੇ ਜੋੜਦਿਆਂ ਵੇਖਿਆ | ਬਿਜਲੀ ਦੇ ਕੰਟਰੋਲ ਪੈਨਲਾਂ ਦੀ ਗੁੰਝਲਦਾਰ ਵਾਇਰਿੰਗ ਆਦਿ ਕਰਦਿਆਂ ਵੇਖਿਆ | ਇਸੇ ਦੌਰਾਨ ਵਿਦਿਆਰਥੀਆਂ ਨੂੰ ਬਿਜਲੀ ਦੇ ਪੁਰਾਣੇ ਯੰਤਰਾਂ ਫ਼ਰਿਜਾਂ, ਮੋਟਰਾਂ, ਟਰਾਂਸਫਾਰਮਾ, ਸਵਿੱਚਾਂ, ਲਾਈਨਾਂ, ਗਰਾਮੋਫ਼ੋਨਾਂ, ਪੋ੍ਰਜੈਕਟਾਂ ਆਦਿ ਦੀ 'ਐਡੀਸ਼ਨ ਪ੍ਰਯੋਗਸ਼ਾਲਾ' ਵਿਖਾਈ | ਵੱਖ-ਵੱਖ ਪੁਰਾਣੇ ਯੰਤਰ ਚਲਾ ਕੇ ਵਿਖਾਏ ਅਤੇ ਇਨ੍ਹਾਂ ਦੇ ਵਿਕਾਸ ਵਿਚ ਹੁਣ ਤੱਕ ਵਿਗਿਆਨ ਦੀਆਂ ਸਿਫ਼ਤੀਂ ਛਾਲਾਂ ਦੀ ਵਿਆਖਿਆ ਕੀਤੀ | ਇਕਾਈ ਅਤੇ ਪ੍ਰਯੋਗਸ਼ਾਲਾ ਪਿੱਛੇ ਦਰਜਨਾਂ ਵਰਿ੍ਹਆਂ ਦੀ ਲਗਾਤਾਰਤਾ ਰੂਪਮਾਨ ਹੁੰਦੀ ਸੀ | ਇਸ ਇਕਾਈ ਦੇ ਸੰਸਥਾਪਕ ਸ: ਜੈ ਸਿੰਘ ਹੋਰਾਂ ਨੇ ਆਪਣੀ ਲਗਨ ਅਤੇ ਘਾਲਣਾ ਦੀ ਵਿਆਖਿਆ ਕੀਤੀ ਅਤੇ ਦੱਸਿਆ ਕਿ ਇਸ ਇਕਾਈ ਵਿਚ ਖ਼ੁਸ਼ਪ੍ਰੀਤ ਕੌਰ ਅਤੇ ਨਵਨੀਤ ਕੌਰ ਦੀ ਅਗਵਾਈ ਵਿਚ ਦਰਜਨਾਂ ਲੜਕੀਆਂ ਕੰਮ ਕਰਦੀਆਂ ਹਨ, ਜਿਨ੍ਹਾਂ ਨੇ ਇਸ ਇਕਾਈ ਦੇ ਉਤਪਾਦਨ ਨੂੰ ਸਿਖ਼ਰਾਂ ਤੱਕ ਪਹੁੰਚਾਇਆ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਆ ਕਿ ਉਹ ਸਿੱਖਿਆ ਦੇ ਨਾਲ-ਨਾਲ, ਕੋਈ ਹੁਨਰ ਸਿੱਖਣ, ਤਾਂ ਕਿ ਸਮਾਜ ਵਿਚ ਉਨ੍ਹਾਂ ਦੀ ਕਦਰ ਪਏ ਅਤੇ ਉਹ ਉਪਜੀਵਕਾ ਕਮਾਉਣ ਦੇ ਯੋਗ ਹੋਣ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਆ ਕਿ ਸਿਰਫ਼ ਅਤੇ ਸਿਰਫ਼ ਆਪਣੇ-ਆਪ ਨਾਲ ਜੁੜਨ, ਮੋਬਾਈਲ ਅਤੇ ਅਣਚਾਹੇ ਰਿਸ਼ਤਿਆਂ ਤੋਂ ਗੁਰੇਜ਼ ਕਰਨ | ਉਨ੍ਹਾਂ ਵਿਦਿਆਰਥੀਆਂ ਨੂੰ , ਰੁੱਖ ਬਣਨ ਦਾ ਵਰਦਾਨ ਹਾਸਲ ਕਰਨ ਲਈ ਪ੍ਰੇਰਿਆ, ਪਰ ਉਸ ਤੋਂ ਪਹਿਲਾਂ ਆਪਣੇ ਦੁਆਲੇ ਸੁਰੱਖਿਅਤ ਰਿਸ਼ਤਿਆਂ ਦੀ ਵਾੜ ਕਰਕੇ ਰੱਖਣ ਨੂੰ ਕਿਹਾ | ਇਸ ਮੌਕੇ 'ਤੇ ਸਾਬਕਾ ਪਿ੍ੰਸੀਪਲ ਡਾ: ਅਵਤਾਰ ਸਿੰਘ ਢੀਂਡਸਾ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਦਿ੍ਸ਼ਟੀਕੋਣ ਅਪਣਾਉਣ ਲਈ ਪ੍ਰੇਰਿਆ | ਉਨ੍ਹਾਂ ਕਿਹਾ, ਕਿ ਪਹਿਲਾਂ ਘੋਖੋ, ਫਿਰ ਸੋਚੋ ਅਤੇ ਫਿਰ ਆਪਣੇ ਵਿਵੇਕ ਨਾਲ ਜਵਾਬ ਲੱਭੋ | ਉਨ੍ਹਾਂ ਦੱਸਿਆ ਕਿ ਵਿਗਿਆਨ ਹੀ ਹੈ, ਜਿਸਨੇ ਸਾਡੇ ਜੀਵਨ ਨੂੰ ਸਰਲ ਬਣਾ ਦਿੱਤਾ ਹੈ | ਵਿਗਿਆਨ ਪੜ੍ਹੋ ਵੀ ਅਤੇ ਹਰ ਮਸਲੇ 'ਤੇ ਵਿਗਿਆਨਕ ਪਹੁੰਚ ਵੀ ਅਪਣਾਓ | ਇਸ ਮੌਕੇ 'ਤੇ ਡਾ: ਕੁਲਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ-ਆਪ ਨਾਲ ਜੁੜਨ ਅਤੇ ਸਾਹਿੱਤ ਪੜ੍ਹਨ ਲਈ ਪ੍ਰੇਰਿਆ | ਦੱਸਿਆ ਗਿਆ ਕਿ ਇੱਥੇ ਸਿਆਣੀ-ਅਗਵਾਈ ਅਤੇ ਕਠੋਰ-ਅਨੁਸਾਸ਼ਨ ਵਿਚ ਵਿਦਿਆਰਥੀ ਹੁਨਰਮੰਦ ਹੋ ਰਹੇ ਹਨ | ਇਸ ਮੌਕੇ 'ਤੇ ਫ਼ਿਲਮੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ, ਅਮਨਦੀਪ ਸਿੰਘ, ਅਰਵਿੰਦਰ ਕੌਰ ਢੀਂਡਸਾ, ਅਮਨਦੀਪ ਕੌਰ, ਗੁਰਪ੍ਰੀਤ ਸਿੰਘ, ਬਰਿੰਦਰ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਜਗਰੂਪ ਸਿੰਘ ਆਦਿ ਸ਼ਾਮਲ ਸਨ |