ਨੂਰਪੁਰ ਬੇਦੀ, 3 ਜੂਨ (ਹਰਦੀਪ ਸਿੰਘ ਢੀਂਡਸਾ) -ਪਿੰਡ ਬਜਰੂੜ ਵਿਖੇ ਅੱਜ ਪੰਜ ਰੋਜ਼ਾ ਗੁਰਮਤਿ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ | ਕੈਂਪ ਦੇ ਪਹਿਲੇ ਦਿਨ ਲਗਭਗ 100 ਵਿਦਿਆਰਥੀਆਂ ਨੇ ਭਾਗ ਲੈ ਕੇ ਗੁਰਮਤਿ ਸਿੱਖਿਆ ਪ੍ਰਾਪਤ ਕੀਤੀ | ਕੈਂਪ ਦੇ ਉਦਘਾਟਨੀ ਸੈਸ਼ਨ ਦੌਰਾਨ ਸਿੱਖ ਵਿਦਵਾਨ ਭਾਈ ਰਣਧੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਨੁੱਖੀ ਜੀਵਨ ਦੇ ਅਸਲ ਮਨੋਰਥ ਬਾਰੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਮਨੁੱਖਾ ਜੀਵਨ ਪਰਮਾਤਮਾ ਦੀ ਅਨਮੋਲ ਦਾਤ ਹੈ ਤੇ ਇਸ ਦਾ ਮਕਸਦ ਗੁਰਬਾਣੀ ਦੇ ਉਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰਨਾ, ਨਾਮ ਸਿਮਰਨ ਕਰਨਾ ਤੇ ਮਨੁੱਖਤਾ ਦੀ ਸੇਵਾ ਕਰਨਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਮੋਬਾਈਲ ਤੇ ਸੋਸ਼ਲ ਮੀਡੀਆ ਦੀ ਅਤਿ ਵਰਤੋਂ ਤੋਂ ਬਚਣ, ਸਮੇਂ ਦੀ ਕਦਰ ਕਰਨ ਤੇ ਆਪਣੇ ਜੀਵਨ ਵਿਚ ਚੰਗੇ ਸੰਸਕਾਰ ਅਪਣਾਉਣ ਲਈ ਪ੍ਰੇਰਿਤ ਕੀਤਾ | ਭਾਈ ਰਣਧੀਰ ਸਿੰਘ ਨੇ ਕਿਹਾ ਕਿ ਗੁਰਮਤਿ ਕੈਂਪ ਨੌਜਵਾਨ ਪੀੜ੍ਹੀ ਨੂੰ ਸਿੱਖੀ ਸਿਧਾਂਤਾਂ ਅਤੇ ਉੱਚੇ ਜੀਵਨ ਮੁੱਲਾਂ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹਨ | ਪ੍ਰਬੰਧਕ ਮਾ. ਜਸਵਿੰਦਰ ਸਿੰਘ ਮੀਰਪੁਰ ਅਤੇ ਹਰਪ੍ਰੀਤ ਸਿੰਘ ਬਜਰੂੜ ਫੂਡ ਸਪਲਾਈ ਇੰਸਪੈਕਟਰ ਨੇ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਗੁਰਬਾਣੀ ਪਾਠ, ਗੁਰ ਇਤਿਹਾਸ, ਸਿੱਖ ਰਹਿਤ ਮਰਿਆਦਾ, ਸ਼ਖ਼ਸੀਅਤ ਵਿਕਾਸ ਅਤੇ ਨੈਤਿਕ ਸਿੱਖਿਆ ਨਾਲ ਸਬੰਧਤ ਜਾਣਕਾਰੀ ਦਿੱਤੀ ਜਾਵੇਗੀ | ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੱਖ-ਵੱਖ ਪ੍ਰਚਾਰਕ ਅਤੇ ਵਿਦਵਾਨ ਬੱਚਿਆਂ ਨੂੰ ਪ੍ਰੇਰਨਾਦਾਇਕ ਵਿਚਾਰਾਂ ਨਾਲ ਰੂਬਰੂ ਕਰਵਾਉਣਗੇ | ਕੈਂਪ ਦੌਰਾਨ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ | ਕੈਂਪ ਪ੍ਰਬੰਧਕਾਂ, ਸੇਵਾਦਾਰਾਂ, ਮਾਪਿਆਂ ਅਤੇ ਪਿੰਡ ਦੀਆਂ ਧਾਰਮਿਕ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ ਤੇ ਕੈਂਪ ਦੀ ਸਫਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸੇਵਾਦਾਰ ਬਾਬਾ ਪਾਖਰ ਸਿੰਘ, ਭਾਈ ਨਿਰਮਲ ਸਿੰਘ ਲਹਿੜੀਆਂ, ਸੰਮਤੀ ਮੈਂਬਰ ਸਤਨਾਮ ਸਿੰਘ ਸੱਤੀ, ਪਰਮਜੀਤ ਸਿੰਘ ਅਬਿਆਣਾ, ਦਲਵੀਰ ਸਿੰਘ ਢਾਹਾਂ, ਨਵਜੋਤ ਸਿੰਘ ਬਟਾਰਲਾ, ਬਲਬੀਰ ਸਿੰਘ, ਰਾਮ ਸਿੰਘ ਬਜਰੂੜ ਤੇ ਕਰਨੈਲ ਸਿੰਘ ਅਸਮਾਨਪੁਰ ਆਦਿ ਨੇ ਵੀ ਸਹਿਯੋਗ ਕੀਤਾ |