ਨੂਰਪੁਰ ਬੇਦੀ, 4 ਜੂਨ (ਵਿੰਦਰਪਾਲ ਝਾਂਡੀਆਂ)- ਵੇਰਕਾ ਮਿਲਕ ਪਲਾਟ ਮੋਹਾਲੀ ਵਲੋਂ ਆਪਣੇ ਦੁੱਧ ਉਤਪਾਦਕ ਕਿਸਾਨਾਂ ਨੂੰ ਜਿੱਥੇ ਅਨੇਕਾਂ ਭਲਾਈ ਸਕੀਮਾਂ ਤਹਿਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਅਚਾਨਕ ਕੁਦਰਤੀ ਆਫਤਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਆਰਥਿਕ ਸਹਾਇਤਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਹ ਵਿਚਾਰ ਮਿਲਕ ਪਲਾਟ ਮੋਹਾਲੀ ਦੇ ਡਾਇਰੈਕਟਰ ਹਰਕੇਤ ਸਿੰਘ ਕੌਲਾਪੁਰ ਨੇ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਹਰੀਪੁਰ ਫੂਲੜੇ ਦੇ ਬੀ.ਐੱਮ.ਸੀ. ਵਿਚ ਦੁੱਧ ਪਾਉਂਦੇ ਦੁੱਧ ਉਤਪਾਦਕ ਕਿਸਾਨ ਮਨੀਸ਼ ਕੁਮਾਰ ਚੇਚੀ ਪੁੱਤਰ ਚਰਨ ਦਾਸ ਨੂੰ ਵੇਰਕਾ ਪਲਾਟ ਵਲੋਂ ਜਾਰੀ ਕੀਤਾ ਗਿਆ 30 ਹਜ਼ਾਰ ਰੁਪਏ ਦੀ ਰਾਸ਼ੀ ਦਾ ਸਹਾਇਤਾ ਵਜੋਂ ਚੈੱਕ ਭੇਟ ਕਰਨ ਸਮੇਂ ਪ੍ਰਗਟਾਏ | ਡਾਇਰੈਕਟਰ ਕੌਲਾਪੁਰ ਨੇ ਦੱਸਿਆ ਉਕਤ ਕਿਸਾਨ ਦੀ ਗਾਂ ਬੀਤੇ ਦਿਨੀਂ ਅਚਾਨਕ ਮਰ ਗਈ ਸੀ | ਇਹ ਚੈੱਕ ਉਨ੍ਹਾਂ ਨੂੰ ਆਰਥਿਕ ਸਹਾਇਤਾ ਵਜੋਂ ਦਿੱਤਾ ਗਿਆ ਹੈ | ਇਸ ਮੌਕੇ ਡਾਇਰੈਕਟਰ ਕੌਲਾਪੁਰ ਨੇ ਕਿਹਾ ਕਿ ਵੇਰਕਾ ਮਿਲਕ ਪਲਾਟ ਵਲੋਂ ਦੁੱਧ ਉਤਪਾਦਕ ਕਿਸਾਨ ਦੇ ਕਿੱਸੇ ਵੀ ਅਚਾਨਕ ਆਫਤ ਨਾਲ ਇਸ ਤਰ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਹਮੇਸ਼ਾ ਹੀ ਸਹਾਇਤਾ ਪ੍ਰਦਾਨ ਕਰਦਾ ਰਹੇਗਾ | ਇਸ ਮੌਕੇ ਦੁੱਧ ਸਭਾ ਦੇ ਪ੍ਰਧਾਨ ਬਾਬੂ ਕਸ਼ਮੀਰੀ ਲਾਲ ਹਰੀਪੁਰ, ਐੱਮ. ਪੀ.ਏ. ਰਮਨਪ੍ਰੀਤ ਸਿੰਘ ਬੈਂਸ, ਸਭਾ ਦੇ ਸਕੱਤਰ ਅਮਰੀਕ ਸਿੰਘ ਚਾਹਲ, ਰਾਮ ਸ਼ਾਹ ਆਦਿ ਹਾਜ਼ਰ ਸਨ |