ਰੂਪਨਗਰ, 9 ਜੂਨ (ਮਨਜੀਤ ਸਿੰਘ ਸੈਣੀ)- ਪੰਜਾਬ ਐਡਹਾਕ ਕਮੇਟੀ ਦੇ ਸੱਦੇ 'ਤੇ ਪਾਵਰਕਾਮ, ਟਰਾਂਸਕੋ ਪੈਨਸ਼ਨ ਯੂਨੀਅਨ ਤੇ ਕਿਸਾਨ ਜਥੇਬੰਦੀਆਂ ਵਲੋਂ ਡਵੀਜ਼ਨ ਪ੍ਰਧਾਨ ਰਜਿੰਦਰ ਸਿੰਘ ਤੇ ਸਕੱਤਰ ਕਰਮ ਸਿੰਘ ਦੀ ਅਗਵਾਈ ਹੇਠ ਰੂਪਨਗਰ ਡਵੀਜ਼ਨ ਦਫ਼ਤਰ ਵਿਖੇ ਪਟਿਆਲਾ ਵਿਖੇ ਧਰਨਾਕਾਰੀਆਂ 'ਤੇ ਕੀਤੇ ਲਾਠੀਚਾਰਜ ਦੇ ਵਿਰੋਧ 'ਚ ਰੋਸਮਈ ਧਰਨਾ ਦਿੱਤਾ ਗਿਆ | ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਧਰਨਾ ਦੇ ਰਹੇ ਅਪ੍ਰਟੈਸ਼ਿਪ ਲਾਈਨਮੈਨਾਂ 'ਤੇ ਅੰਨੇਵਾਹ ਲਾਠੀਚਾਰਜ ਕਰਨ ਵਾਲੇ ਡੀ.ਐੱਸ.ਪੀ. ਨੂੰ ਮੁਅੱਤਲ ਕਰਕੇ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਧਰਨਾਕਾਰੀਆਂ ਵਿਰੁੱਧ ਕੀਤੇ ਮੁਕੱਦਮੇ ਰੱਦ ਕਰਨ ਤੇ ਜ਼ਖਮੀਆਂ ਦਾ ਮੁਫਤ ਇਲਾਜ ਕਰਨ ਅਤੇ ਜਲਦੀ ਪੱਕਾ ਕਰਕੇ ਡਿਊਟੀਆਂ ਤੇ ਭੇਜਣ ਦੀ ਮੰਗ ਕੀਤੀ | ਇਸ ਮੌਕੇ ਪੈਨਸ਼ਨਰ ਯੂਨੀਅਨ ਦੇ ਆਗੂ ਰਣਜੀਤ ਸਿੰਘ ਗਿੱਲ ਨੇ ਕਰਮਚਾਰੀਆਂ ਦਾ 18 ਫ਼ੀਸਦੀ ਡੀ. ਏ. ਅਤੇ ਬਕਾਇਦਾ ਜਲਦ ਜਾਰੀ ਕਰਨ ਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਵੀ ਕੀਤੀ | ਇਸ ਮੌਕੇ ਨਰਿੰਦਰ ਸਿੰਘ ਸੈਣੀ, ਡਵੀਜ਼ਨ ਸਕੱਤਰ ਕਰਮ ਸਿੰਘ, ਡਵੀਜ਼ਨ ਪ੍ਰਧਾਨ ਰਜਿੰਦਰ ਸਿੰਘ, ਪਲਵਿੰਦਰ ਸਿੰਘ ਨੇ ਕਿਹਾ ਕਿ 10 ਜੂਨ ਨੂੰ ਪੰਜਾਬ ਸਰਕਾਰ ਨਾਲ ਹੋ ਰਹੀ ਮੀਟਿੰਗ 'ਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਦਮਨਜੀਤ ਸਿੰਘ, ਰਵਿੰਦਰ ਸਿੰਘ, ਲਕਸ਼ਮੀ ਕਾਂਤ, ਸ਼ਤੀਸ਼, ਜਸਵਿੰਦਰ ਸਿੰਘ, ਰਣਦੀਪ ਸਿੰਘ, ਗੁਰਸੇਵਕ ਸਿੰਘ, ਮਨੀਸ਼ ਕੁਮਾਰ ਆਦਿ ਹਾਜ਼ਰ ਸਨ |