ਸ੍ਰੀ ਅਨੰਦਪੁਰ ਸਾਹਿਬ, 10 ਜੂਨ (ਕਰਨੈਲ ਸਿੰਘ)- 1760 ਵਿਚ ਪੰਜਾਬ ਦੀਆਂ ਮਿਸਲਾਂ ਵਲੋਂ ਉੱਤਰ ਪ੍ਰਦੇਸ਼ ਦੇ ਮੇਰਠ, ਸਹਾਰਨਪੁਰ, ਸੰਭਲ, ਅਮਰੋਹਾ 'ਤੇ ਜਿੱਤ ਹਾਸਲ ਕੀਤੀ ਗਈ ਸੀ ਪਰ ਸਮੇਂ ਨਾਲ ਮਿਸਲਾਂ ਦੇ ਸਰਦਾਰ ਤਾਂ ਪੰਜਾਬ ਵਾਪਸ ਆ ਗਏ ਪਰ ਉਨ੍ਹਾਂ ਦੀਆਂ ਫ਼ੌਜਾਂ ਦੇ ਸਾਥੀ ਉੱਥੇ ਹੀ ਵੱਸ ਗਏ | ਇਨ੍ਹਾਂ ਦੇ ਉੱਥੇ 800 ਦੇ ਕਰੀਬ ਪਿੰਡ ਹਨ | ਸ਼ੁਰੂ-ਸ਼ੁਰੂ ਵਿਚ ਇਹ ਸਿੱਖੀ ਨਾਲ ਜੁੜੇ ਹੋਏ ਸਨ ਪਰ ਸਦੀਆਂ ਬੀਤਣ ਤੋਂ ਬਾਅਦ ਇਨ੍ਹਾਂ ਨੇ ਸਨਾਤਨ ਨੂੰ ਕਬੂਲ ਕਰ ਲਿਆ ਜਿਸ ਦਾ ਪਤਾ ਲੱਗਣ 'ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਸੰਸਦੀ ਬੋਰਡ ਦੇ ਕੌਮੀ ਮੈਂਬਰ ਇਕਬਾਲ ਸਿੰਘ ਲਾਲਪੁਰਾ ਵਲੋਂ ਇਨ੍ਹਾਂ ਨਾਲ ਸੰਪਰਕ ਸਾਧਿਆ ਗਿਆ ਤੇ ਹੁਣ ਇਹ ਸਿੱਖ ਮੁੜ ਆਪਣੇ ਧਰਮ ਵਿਚ ਵਾਪਸੀ ਕਰ ਰਹੇ ਹਨ | ਇਨ੍ਹਾਂ ਆਗੂਆਂ ਦਾ ਇਕ ਜਥਾ ਡਾ. ਸੋਰਨ ਸਿੰਘ ਦੀ ਅਗਵਾਈ ਹੇਠ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਿਆ ਜਿਨ੍ਹਾਂ ਦਾ ਸਵਾਗਤ ਕਰਨ ਲਈ ਸਾਬਕਾ ਚੇਅਰਮੈਨ ਲਾਲਪੁਰਾ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਸ. ਲਾਲਪੁਰਾ ਨੇ ਕਿਹਾ ਕਿ ਇਨ੍ਹਾਂ ਸਿੱਖਾਂ ਵਲੋਂ ਉੱਤਰ ਪ੍ਰਦੇਸ਼ ਦੇ ਪਿੰਡਾਂ 'ਚ 50 ਦੇ ਕਰੀਬ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ ਤਾਂ ਜੋ ਨਵੀਂ ਪੀੜ੍ਹੀ ਨੂੰ ਗੁਰਮਤਿ ਨਾਲ ਜੋੜਿਆ ਜਾ ਸਕੇ | ਲਾਲਪੁਰਾ ਨੇ ਕਿਹਾ ਕਿ ਗਲੋਬਲ ਪੰਜਾਬੀ ਫਾਊਾਡੇਸ਼ਨ ਦਾ ਇਹ ਉੱਦਮ ਹੈ ਕਿ ਸਿੱਖ ਧਰਮ ਤੇ ਪੰਜਾਬ ਨਾਲ ਜੁੜੀਆਂ ਇਨ੍ਹਾਂ ਸ਼ਖ਼ਸੀਅਤਾਂ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਯਤਨ ਕਰ ਸਕੀਏ | ਇਸੇ ਲੜੀ ਤਹਿਤ ਹਰੇਕ ਸਾਲ ਬੱਸਾਂ ਰਾਹੀਂ ਸੰਗਤਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਲਿਆਂਦਾ ਜਾਵੇਗਾ | ਇਸ ਵਫਦ ਨਾਲ ਆਈ ਮਾਤਾ ਰਸਾਲ ਕੌਰ ਤੇ ਡਾ. ਸੋਰਨ ਸਿੰਘ ਨੇ ਕਿਹਾ ਕਿ ਉਹ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਵੱਡਭਾਗਾ ਸਮਝ ਰਹੇ ਹਨ | ਇਸ ਤੋਂ ਬਾਅਦ ਵਫਦ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਗਏ ਤੇ ਵਿਰਾਸਤ-ਏ-ਖਾਲਸਾ ਅਜਾਇਬ ਘਰ ਵੀ ਦੇਖਿਆ ਗਿਆ | ਇਸ ਮੌਕੇ ਰਾਣਾ ਸਤਵੀਰ ਸਿੰਘ, ਠਾਕੁਰ ਸਿੰਘ, ਕੁਲਭੂਸ਼ਣ ਰਾਣਾ, ਅਜੇ ਮਹਿੰਦਲੀ ਤੋਂ ਇਲਾਵਾ ਅਨੁਜ ਕੁਮਾਰ, ਸੰਜੀਤ ਪਵਾਰ, ਮਨੋਜ ਕੁਮਾਰ, ਮਨਜੀਤ ਸਿੰਘ, ਖੁਸ਼ਾਹਰਗਰ ਸਿੱਧੂ, ਸਤਿੰਦਰ ਗਿੱਲ, ਮੁਕਲ ਚੌਧਰੀ, ਜਸਪਾਲ ਸਿੰਘ ਗਰੇਵਾਲ, ਬਵੀਤਾ ਉਪਲ, ਅਮਰਦੀਪ ਮਾਹਲ, ਜਤਿੰਦਰ ਸਿੱਧੂ, ਲੁਕੇਸ਼ ਚਾਹਲ, ਹਿਮਾਂਸ਼ੂ ਗਿੱਲ, ਜਸਮੀਤ ਗਿੱਲ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |