10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਨਰੇਗਾ ਮੁਲਾਜ਼ਮਾਂ ਨਾਲ ਵਾਅਦਾ ਕਰਕੇ ਭੱਜੀ ‘ਆਪ’ ਸਰਕਾਰ

ਅਜੀਤ ਡੈਸਕ 27-06-2026
ਨੂਰਪੁਰ ਬੇਦੀ, 26 ਜੂਨ (ਵਿੰਦਰਪਾਲ ਝਾਂਡੀਆਂ)-ਪਿਛਲੇ 26 ਦਿਨਾਂ ਤੋਂ ਲਗਾਤਾਰ ਹੜਤਾਲ ਕਰਕੇ ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਮਰਜ਼ ਕਰਕੇ ਪੱਕੀਆਂ ਕਰਵਾਉਣ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਨਰੇਗਾ ਮੁਲਾਜ਼ਮਾਂ ਦਾ ਮਸਲਾ ਕਿੱਸੇ ਪਾਸੇ ਤਣ ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ। 1 ਜੂਨ ਨੂੰ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਅਤੇ 10 ਜੂਨ ਨੂੰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਨਾਲ ਹੋਈ ਪੈਨਲ ਮੀਟਿੰਗ ਵਿਚ ਨਰੇਗਾ ਮੁਲਾਜ਼ਮਾਂ ਨੂੰ ਪੰਚਾਇਤ ਵਿਭਾਗ ਵਿਚ ਮਰਜ਼ ਕਰਨ ਦੀ ਮੰਗ ਪ੍ਰਵਾਨ ਕਰ ਲਈ ਗਈ ਸੀ। ਆਗੂਆਂ ਨੇ ਦੱਸਿਆ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੀ ਬਜਾਏ ਸਿਰਫ਼ ਸੰਯੁਕਤ ਵਿਕਾਸ ਕਮਿਸ਼ਨਰ ਨਾਲ ਮੀਟਿੰਗ ਬੁਲਾਈ ਗਈ ਸੀ ਤਾਂ ਸਾਨੂੰ ਉਸੇ ਸਮੇਂ ਪਤਾ ਲੱਗ ਗਿਆ ਸੀ ਕਿ ਪੰਚਾਇਤ ਵਿਭਾਗ ਅਤੇ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਭੱਜ ਗਏ ਹਨ। ਮੀਟਿੰਗ ਵਿਚ ਬੁਲਾ ਕੇ ਸਾਡੇ ਮਸਲੇ ਨੂੰ ਹੱਲ ਕਰਨ ਦੀ ਬਜਾਏ ਸਾਨੂੰ ਹੜਤਾਲ ਖ਼ਤਮ ਕਰਨ ਲਈ ਧਮਕਾਇਆ ਗਿਆ। ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਸਾਡੀਆਂ ਸੇਵਾਵਾਂ ਪੱਕੀਆਂ ਕਰਨ ਦਾ ਕੋਈ ਕੇਸ ਤਿਆਰ ਹੋਇਆ ਜਾਂ ਨਹੀਂ ਤਾਂ ਉਨ੍ਹਾਂ ਕਿਹਾ ਕਿ ਡਿਊਟੀ ਜੁਆਇਨ ਕਰੋ ਨਹੀਂ ਤਾਂ ਨੌਕਰੀ ਤੋਂ ਕੱਢ ਦਿੱਤੇ ਜਾਉਗੇ। ਆਗੂਆਂ ਨੇ ਦੱਸਿਆ ਕਿ ਉਹ 2008 ਤੋਂ ਭਰਤੀ ਹੋਏ ਹਨ ਅਤੇ ਹਰ ਸਰਕਾਰ ਵਲੋਂ ਤੇ ਹਰ ਅਫ਼ਸਰ ਵਲੋਂ ਇਹੀ ਝੂਠੇ ਲਾਰੇ ਮਿਲੇ। 6 ਤੋਂ 8 ਮਹੀਨਿਆਂ ਦੀਆਂ ਤਨਖ਼ਾਹਾਂ ਬਕਾਇਆ ਪਈਆਂ ਹਨ, ਦੂਜੇ ਪਾਸੇ ਸੇਵਾਵਾਂ ਪੱਕੀਆਂ ਕਰਨ ਦਾ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਹਰ ਵਾਰ ਹਰ ਇੱਕ ਪਾਰਟੀ ਚੋਣਾਂ ਤੋਂ ਪਹਿਲਾਂ ਵਾਅਦਾ ਕਰਦੀ ਹੈ ਕਿ ਤੁਹਾਨੂੰ ਪਹਿਲੀ ਕੈਬਨਿਟ ਮੀਟਿੰਗ ਵਿਚ ਪੱਕੇ ਕੀਤਾ ਜਾਵੇਗਾ। ਵੋਟਾਂ ਲੈ ਕੇ ਮਗਰੋਂ ਕੋਈ ਬਾਂਹ ਨਹੀਂ ਫੜਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਹੀ ਕੁੱਝ ਕੀਤਾ ਹੈ। ਇਸ ਲਈ ਪੰਜਾਬ ਭਰ ਦੇ ਨਰੇਗਾ ਮੁਲਾਜ਼ਮਾਂ ਵਿਚ ਰੋਹ ਦੀ ਅੱਗ ਭੜਕ ਗਈ ਹੈ। ਇਸ ਵਾਰ ਨੌਕਰੀ ਪੱਕੀ ਕਰਨ ਦੇ ਨੋਟੀਫ਼ਿਕੇਸ਼ਨ ਬਿਨਾਂ ਨਾ ਤਾਂ ਹੜਤਾਲ ਵਾਪਸ ਹੋਵੇਗੀ ਨਾ ਹੀ ਕਿਸੇ ਲੀਡਰ ਨੂੰ ਪਿੰਡਾਂ ਵਿਚ ਵੜਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਹਰ ਇੱਕ ਵਿਧਾਇਕ ਅਤੇ ਹਰ ਇੱਕ ਮੰਤਰੀ ਨੂੰ ਮਿਲਕੇ, ਮੰਗ ਪੱਤਰ ਦੇ ਕੇ ਆਪਣੇ ਮਸਲੇ ਸੰਬੰਧੀ ਜਾਣੂੰ ਕਰਵਾ ਕੇ ਆਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਕੇਂਦਰੀ ਸਕੀਮਾਂ ਦੇ ਮੁਲਾਜ਼ਮ ਆਖ ਕੇ ਪੱਲਾ ਛਡਾਇਆ ਜਾਂਦਾ ਹੈ, ਜਦੋਂ ਕਿ ਨਰੇਗਾ ਐਕਟ 2005 ਵਿਚ ਸਪਸ਼ਟ ਤੌਰ ‘ਤੇ ਲਿਖਿਆ ਗਿਆ ਹੈ, ਕਿ ਨਰੇਗਾ ਸਕੀਮ ਲਾਗੂ ਕਰਨ ਲਈ ਮੁਲਾਜ਼ਮ ਸੂਬਾ ਸਰਕਾਰ ਦੇ ਹੋਣਗੇ। ਮੰਗਾਂ ਮੰਨਣ ਦੀ ਬਜਾਏ ਵਿਭਾਗ ਵਲੋਂ ਨੋ ਵਰਕ ਨੋ ਪੇ ਵਰਗੇ ਮਾਰੂ ਪੱਤਰ ਕੱਢ ਕੇ ਮੁਲਾਜ਼ਮਾਂ ਨੂੰ ਡਰਾਉਣ ਦੀਆਂ ਕੋਝੀਆਂ ਚਾਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਨਰੇਗਾ ਦਾ ਕੰਮ ਪਹਿਲਾਂ ਪੰਚਾਇਤ ਅਤੇ ਫਿਰ ਪੀ.ਐਸ.ਆਰ.ਐਲ.ਐਮ. ਅਤੇ ਹੁਣ ਪੰਚਾਇਤ ਸਕੱਤਰ ਤੋਂ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਰੰਤੂ ਇਹਨਾਂ ਮੁਲਾਜ਼ਮਾਂ ਵਲੋਂ ਨਰੇਗਾ ਮੁਲਾਜ਼ਮਾਂ ਦੇ ਹੱਕ ਵਿਚ ਸਮਰਥਨ ਦਿੰਦੇ ਹੋਏ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਸੋ ਇਹਨਾਂ ਦੀਆਂ ਕੋਝੀਆਂ ਚਾਲਾਂ ਦੇ ਰੋਸ ਵਜੋਂ ਨਰੇਗਾ ਮੁਲਾਜ਼ਮਾਂ ਵਲੋਂ ਅੱਜ ਨੂਰਪੁਰ ਬੇਦੀ ਵਿਖੇ ਮਾਰੂ ਪੱਤਰ ਸਾੜਦੇ ਹੋਏ ਵਿਭਾਗ ਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿਚ ਤਿੱਖੇ ਸੰਘਰਸ਼ ਦਾ ਐਲਾਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਚਨੌਲੀ, ਸਤਨਾਮ ਸਿੰਘ ਅਬਿਆਣਾ, ਜਸਪਾਲ ਸਿੰਘ ਗਰੇਵਾਲ, ਜਿੰਦਰਪਾਲ, ਮਨਦੀਪ ਸਿੰਘ, ਰੋਹਿਤ ਕੁਮਾਰ, ਰਵੀ ਕੁਮਾਰ, ਏ.ਪੀ.ਓ. ਰਮਨ ਕੁਮਾਰ, ਕਪਿਲ ਚੌਹਾਨ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨੂਰਪੁਰ ਬੇਦੀ ਇਲਾਕੇ ਦੇ ਪਿੰਡਾਂ ’ਚ ਐੱਸ.ਆਈ.ਆਰ. ਮੁਹਿੰਮ ਨੂੰ ਲੈ ਕੇ ਬੀ.ਐਲ.ਓਜ਼. ਡਟੇ-ਸੁਪਰਵਾਈਜ਼ਰ ਅਨਿਲ ਕੁਮਾਰ ਨੇ ਕੀਤ... ਅਗਲੀ ਖ਼ਬਰ ਸਰਪੰਚ ਯੂਨੀਅਨ ਬਲਾਕ ਸ੍ਰੀ ਚਮਕੌਰ ਸਾਹਿਬ ਵਲੋਂ ਮੁੱਖ ਮੰਤਰੀ ਦਾ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।