10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਰੂਪਨਗਰ ਕਾਂਗਰਸ ਵਿਚ ਖੇਮੇਬੰਦੀ ਹੋਈ ਹੋਰ ਗਹਿਰੀ

ਅਜੀਤ ਡੈਸਕ 06-07-2026

aਰੂਪਨਗਰ, 5 ਜੁਲਾਈ (ਸਤਨਾਮ ਸਿੰਘ ਸੱਤੀ)-ਪੰਜਾਬ ਕਾਂਗਰਸ ਦੀ ਨਵੀਂ ਅਹੁਦੇਦਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਪਾਰਟੀ ਅੰਦਰ ਚੱਲ ਰਹੀ ਖੇਮੇਬੰਦੀ ਹੁਣ ਰੂਪਨਗਰ ਜ਼ਿਲ੍ਹੇ ਵਿਚ ਵੀ ਖੁੱਲ੍ਹ ਕੇ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ। ਚੰਨੀ ਦੇ ਮੋਰਿੰਡਾ ਨਿਵਾਸ ‘ਤੇ ਹੋਏ ਇਕੱਠ ਵਿਚ ਜ਼ਿਲ੍ਹੇ ਦੇ ਕਈ ਸੀਨੀਅਰ ਕਾਂਗਰਸੀ ਆਗੂਆਂ ਦੀ ਗ਼ੈਰਹਾਜ਼ਰੀ ਸਿਆਸੀ ਚਰਚਾ ਦਾ ਕੇਂਦਰ ਬਣੀ ਰਹੀ। ਇਨ੍ਹਾਂ ਵਿਚ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਨਾਮ ਵੀ ਪ੍ਰਮੁੱਖ ਤੌਰ ‘ਤੇ ਸ਼ਾਮਲ ਹੈ। ਰਾਣਾ ਕੇ.ਪੀ. ਸਿੰਘ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ, ਜਿਸ ਨੂੰ ਸਿਆਸੀ ਹਲਕਿਆਂ ਵਿਚ ਵੱਖ-ਵੱਖ ਅਰਥਾਂ ਵਿਚ ਦੇਖਿਆ ਜਾ ਰਿਹਾ ਹੈ। ਇਸੇ ਦੌਰਾਨ ਰੂਪਨਗਰ ਹਲਕੇ ਤੋਂ ਦੋ ਵਾਰ ਚੋਣ ਹਾਰ ਚੁੱਕੇ ਬਰਿੰਦਰ ਸਿੰਘ ਢਿੱਲੋਂ ਚੰਨੀ ਦੇ ਨਜ਼ਦੀਕੀ ਆਗੂਆਂ ਵਿਚ ਸਰਗਰਮ ਦਿਖਾਈ ਦਿੱਤੇ ਜਿਹੜੇ ਅਗਲੀਆਂ ਚੋਣਾਂ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਰਾਹੀਂ ਟਿਕਟ ਦੀ ਆਸ ਲਾਈ ਬੈਠੇ ਹਨ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਭਵਿੱਖ ਵਿਚ ਪੰਜਾਬ ਕਾਂਗਰਸ ਦੀ ਕਮਾਨ ਚਰਨਜੀਤ ਸਿੰਘ ਚੰਨੀ ਦੇ ਹੱਥ ਆਉਂਦੀ ਹੈ ਤਾਂ ਰੂਪਨਗਰ ਜ਼ਿਲ੍ਹੇ ਵਿਚ ਵੀ ਕਈ ਆਗੂ ਆਪਣੇ ਸਿਆਸੀ ਸਮੀਕਰਨ ਬਦਲ ਸਕਦੇ ਹਨ। ਚੰਨੀ ਖ਼ੈਮੇ ਵਿਚ ਇਹ ਵੀ ਚਰਚਾ ਹੈ ਕਿ ਰਾਣਾ ਕੇਪੀ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਿਸੇ ਵੀ ਜ਼ਿੰਮੇਵਾਰੀ ਲਈ ਸਥਾਨ ਹੀ ਪ੍ਰਾਪਤ ਨਹੀਂ ਹੋ ਸਕਿਆ ਹਾਲਾਂਕਿ ਰਾਣਾ ਕੇ ਪੀ ਸਿੰਘ ਆਪਣੇ ਆਪ ਨੂੰ ਖ਼ੁਦ ਹੀ ਇਹਨਾਂ ਅਹੁਦੇਦਾਰੀਆਂ ਤੋਂ ਦੂਰ ਹੋਇਆ ਦੱਸ ਰਹੇ ਹਨ । ਦੂਜੇ ਪਾਸੇ, ਚੰਨੀ ਵਿਰੋਧੀ ਖ਼ੈਮੇ ਨਾਲ ਜੁੜੇ ਕੁੱਝ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿਚ ਇਹ ਵੀ ਚੁੰਝ ਚਰਚਾ ਹੈ ਕਿ ਚੰਨੀ ਦੇ ਮੁੱਖ ਮੰਤਰੀ ਰਹਿਣ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਕਈ ਸਵਾਲ ਉਠਾਏ ਗਏ ਸਨ। ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨਾਲ ਜੁੜੇ ਮਾਮਲੇ ਵਿਚ ਈਡੀ ਵਲੋਂ ਕੀਤੀ ਗਈ ਕਾਰਵਾਈ ਅਤੇ ਨਕਦੀ ਬਰਾਮਦਗੀ ਦੀਆਂ ਖ਼ਬਰਾਂ ਵੀ ਉਸ ਸਮੇਂ ਕਾਫ਼ੀ ਚਰਚਾ ਵਿਚ ਰਹੀਆਂ ਸਨ। ਹਾਲਾਂਕਿ ਇਨ੍ਹਾਂ ਮਾਮਲਿਆਂ ਦੇ ਅੰਤਿਮ ਨਤੀਜਿਆਂ ਬਾਰੇ ਕੋਈ ਨਵਾਂ ਅਧਿਕਾਰਤ ਫ਼ੈਸਲਾ ਸਾਹਮਣੇ ਨਹੀਂ ਆਇਆ ਹੈ ਪਰ ਇਹ ਦੱਬੇ ਹੋਏ ਮਾਮਲੇ ਵੀ ਬਹੁਤ ਕੁੱਝ ਭੁਲੇਖੇ ਪੈਦਾ ਕਰਦੇ ਹਨ । ਇਸੇ ਤਰ੍ਹਾਂ ਭਗਵੰਤ ਮਾਨ ਸਰਕਾਰ ਦੇ ਸ਼ੁਰੂਆਤੀ ਦੌਰ ਵਿਚ ਚੰਨੀ ਉੱਤੇ ਗੋਆ ਵਿਚ ਜਾਇਦਾਦ, ਸ਼੍ਰੀ ਚਮਕੌਰ ਸਾਹਿਬ ਦੇ ਕੁੱਝ ਪ੍ਰੋਜੈਕਟਾਂ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਸਿਆਸੀ ਦੋਸ਼ ਲਗਾਏ ਗਏ ਸਨ। ਵਿਰੋਧੀ ਖ਼ੈਮੇ ਦੇ ਕੁੱਝ ਆਗੂ ਅਤੇ ਵਰਕਰ ਤਬੀ ਜ਼ੁਬਾਨ ਵਿਚ ਹੁਣ ਇਹ ਸਵਾਲ ਵੀ ਉਠਾ ਰਹੇ ਹਨ ਕਿ ਜਿਨ੍ਹਾਂ ਮਾਮਲਿਆਂ ‘ਤੇ ਉਸ ਵੇਲੇ ਤਿੱਖੇ ਦੋਸ਼ ਲੱਗੇ ਸਨ, ਉਨ੍ਹਾਂ ਵਿਚੋਂ ਕਈ ਅੱਗੇ ਕਿਉਂ ਨਹੀਂ ਵਧੇ ਜਾਂ ਉਨ੍ਹਾਂ ਬਾਰੇ ਕੋਈ ਨਵੀਂ ਅਧਿਕਾਰਤ ਕਾਰਵਾਈ ਕਿਉਂ ਸਾਹਮਣੇ ਨਹੀਂ ਆਈ। ਇਹ ਗੱਲਾਂ ਪਾਰਟੀ ਅੰਦਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਹਾਲਾਂਕਿ ਇਨ੍ਹਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ। ਫ਼ਿਲਹਾਲ ਪੰਜਾਬ ਕਾਂਗਰਸ ਵਿਚ ਪ੍ਰਧਾਨਗੀ ਨੂੰ ਲੈ ਕੇ ਬਣੀ ਸਥਿਤੀ ਦੇ ਮੱਦੇਨਜ਼ਰ ਚੰਨੀ ਅਤੇ ਰਾਜਾ ਵੜਿੰਗ ਦੇ ਸਮਰਥਕ ਖ਼ੈਮਿਆਂ ਦੀਆਂ ਸਰਗਰਮੀਆਂ ‘ਤੇ ਸਿਆਸੀ ਹਲਕਿਆਂ ਦੀ ਨਜ਼ਰ ਟਿਕੀ ਹੋਈ ਹੈ। ਹੁਣ ਸਭ ਦੀਆਂ ਨਜ਼ਰਾਂ ਕਾਂਗਰਸ ਹਾਈਕਮਾਨ ਦੇ ਅਗਲੇ ਫ਼ੈਸਲੇ ‘ਤੇ ਹਨ, ਜਿਸ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਕਿ ਪੰਜਾਬ ਅਤੇ ਰੂਪਨਗਰ ਜ਼ਿਲ੍ਹੇ ਦੀ ਕਾਂਗਰਸੀ ਸਿਆਸਤ ਕਿਸ ਪਾਸੇ ਰੁੱਖ ਕਰਦੀ ਹੈ।

ਪਿਛਲੀ ਖ਼ਬਰ ਸੀਟੀ ਵਰਲਡ ਸਕੂਲ ਦੇ ਨਿਸ਼ਾਨੇਬਾਜ਼ਾਂ ਨੇ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ’ਚੋਂ ਦੋ ਸੋਨ ਤਗਮੇ ਜਿੱਤੇ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ’ਤੇ ਸਜੇਗਾ ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।