ਬਾਬਾ ਬਕਾਲਾ ਸਾਹਿਬ, 17 ਫਰਵਰੀ (ਰਾਜਨ)-ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਨੇ ਪ੍ਰਸਿੱਧ ਪੰਜਾਬੀ ਕਹਾਣੀਕਾਰ ਸ੍ਰੀ ਲਾਲ ਸਿੰਘ ਦੇ ਦਿਹਾਂਤ 'ਤੇ ਗਹਿਰੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ | ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ, ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਕਿ ਲਾਲ ਸਿੰਘ ਦਾ ਵਿਛੋੜਾ ਪੰਜਾਬੀ ਸਾਹਿਤ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ | 20 ਅਪ੍ਰੈਲ 1940 ਨੂੰ ਦਸੂਹਾ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਜਨਮੇ ਲਾਲ ਸਿੰਘ ਨੇ ਆਪਣੀ ਸਾਹਿਤ ਰਚਨਾ ਤੇ ਕਹਾਣੀਆਂ ਰਾਹੀਂ ਪੰਜਾਬੀ ਸਾਹਿਤ ਨੂੰ ਸਮਰੱਥ ਬਣਾਇਆ ਅਤੇ ਸਮਾਜਕ ਸਚਾਈਆਂ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ | ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪਿ੍ੰਸੀਪਲ ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀ: ਮੀਤ ਪ੍ਰਧਾਨ ਡਾ. ਪਰਮਜੀਤ ਸਿੰਘ ਬਾਠ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ ਸਮੇਤ ਸਮੱਚੀ ਸਭਾ ਨੇ ਵਿਛੜੇ ਸਾਹਿਤਕਾਰ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ | ਕਹਾਣੀਕਾਰ ਲਾਲ ਸਿੰਘ ਨੇ ਸਮਾਜਕ ਹਕੀਕਤਾਂ, ਆਮ ਮਨੁੱਖ ਦੇ ਦੁੱਖ-ਦਰਦ ਅਤੇ ਜੀਵਨ ਸੰਘਰਸ਼ ਨੂੰ ਸੰਵੇਦਨਸ਼ੀਲ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਪੇਸ਼ ਕੀਤਾ | ਉਨ੍ਹਾਂ ਦੇ ਕਹਾਣੀ ਸੰਗ੍ਰਹਿ ਮਾਰਖੋਰੋ (1984), ਬਲੌਰ (1986), ਧੁੱਪ-ਛਾਂ (1990), ਕਾਲੀ ਮਿੱਟੀ (1996), ਚੋਣਵੀਂ ਪੰਜਾਬੀ ਕਹਾਣੀ (1996), ਅੱਧੇ ਅਧੂਰੇ (2003), ਸਰਦੇ ਪੁੱਜਦੇ, ਗੜ੍ਹੀ ਬਖ਼ਸ਼ਾ ਸਿੰਘ (2010) ਅਤੇ ਸੰਸਾਰ (2017) ਪੰਜਾਬੀ ਕਹਾਣੀ ਸਾਹਿਤ ਦੀ ਮਹੱਤਵਪੂਰਨ ਵਿਰਾਸਤ ਹਨ |