ਤਰਸਿਕਾ, 1 ਮਾਰਚ (ਅਤਰ ਸਿੰਘ ਤਰਸਿੱਕਾ)-ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪਿੰਡ ਤਰਸਿੱਕਾ 'ਚ ਜੰਗੀ ਪੱਧਰ 'ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਅੱਜ ਜਾਇਜ਼ਾ ਲਿਆ ਤੇ ਚੱਲ ਰਹੇ ਵਿਕਾਸ ਕਾਰਜਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਜਗਦੀਪ ਸਿੰਘ ਸਰਪੰਚ ਤਰਸਿੱਕਾ ਤੇ ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ ਨੇ ਮਾਣ ਨਾਲ ਦੱਸਿਆ ਕਿ ਪਿੰਡ ਤਰਸਿੱਕਾ ਦੀ ਦਾਣਾ ਮੰਡੀ 'ਚ ਇੱਕ ਸ਼ੈੱਡ ਬਣ ਕੇ ਤਿਆਰ ਹੋ ਗਿਆ ਹੈ ਤੇ ਦੂਸਰਾ ਬਣ ਰਿਹਾ ਹੈ | ਇਸ ਦੇ ਨਾਲ ਹੀ ਖੇਡ ਸਟੇਡੀਅਮ ਦੀ ਸਾਰੀ ਪੂਰੀ ਤੇਜੀ ਨਾਲ ਚਲ ਰਹੀ ਹੈ | ਪਿੰਡ ਤਰਸਿੱਕਾ ਦੇ ਚੁਫੇਰੇ ਪੱਕੀਆਂ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਜਿਨ੍ਹਾਂ ਦਾ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ ਹੈ | ਇਨ੍ਹਾਂ 'ਚ ਪਿੰਡ ਤਰਸਿੱਕਾ ਤੋਂ ਪਿੰਡ ਤਾਹਿਰਪੁਰਾ ਦੀ ਸੰਪਰਕ ਸੜਕ ਜੋ ਪਿਛਲੇ 70 ਸਾਲਾਂ 'ਚ ਨਾ ਕਾਂਗਰਸ ਦੀ ਸਰਕਾਰ ਨਾ ਹੀ ਅਕਾਲੀ ਦਲ ਦੀ ਸਰਕਾਰ ਨੇ ਬਣਾਈ ਸੀ | ਜਿਸ ਕਰਕੇ ਲੋਕਾਂ 'ਚ ਇਹ ਸੜਕ ਨਾ ਬਣਨ ਕਰਕੇ ਤਿੱਖਾ ਗੁੱਸਾ ਤੇ ਰੋਹ ਸੀ | ਇਸ ਤੋਂ ਇਲਾਵਾ ਤਰਸਿੱਕਾ ਮਾਰਕਫੈਡ ਦੇ ਗੁਦਾਮਾਂ ਤੋਂ ਲੈ ਕੇ ਗੁਰਦੇਵ ਸਿੰਘ ਸਾਬਕਾ ਸਰਪੰਚ ਤਰਸਿੱਕਾ, ਦਾਣਾ ਮੰਡੀ ਤੋਂ ਗੁਰਦੁਆਰਾ ਗਮਗੜ੍ਹ ਸਾਹਿਬ ਤੱਕ ਪਿੰਡ ਦੀ ਫਿਰਨੀ ਵੀ ਪੱਕੀ ਬਣਾਈ ਜਾ ਰਹੀ ਹੈ | ਕਸਬਾ ਪੁਲ ਤਰਸਿੱਕਾ ਵਿਖੇ ਸ਼ਾਨਦਾਰ ਪਾਰਕ ਬਣ ਰਹੀ ਹੈ | ਪਿੰਡ ਤਰਸਿੱਕਾ ਤੇ ਕਸਬਾ ਪੁਲ ਨਹਿਰ ਤਰਸਿੱਕਾ ਤੋਂ ਦਾਣਾ ਮੰਡੀ ਤਰਸਿੱਕਾ ਤੱਕ ਗੰਦੇ ਪਾਣੀ ਦੇ ਨਿਕਾਸ ਲਈ ਗੰਦਾ ਨਾਲਾ ਵੀ ਬਣਾਇਆ ਜਾ ਰਿਹਾ ਹੈ | ਬਸ ਸਟੈਂਡ ਤੇ ਪਿੰਡ ਦੀਆਂ ਗਲੀਆਂ 'ਚ ਇੰਟਰਲਾਕ ਟਾਈਲਾਂ ਵੀ ਲਗਾਈਆਂ ਜਾ ਰਹੀਆਂ ਹਨ | ਇਸ ਮੌਕੇ ਪਿੰਡ ਤਰਸਿੱਕਾ ਦੇ ਨਿਵਾਸੀਆਂ ਨੇ ਚੱਲ ਰਹੇ ਜੰਗੀ ਪੱਧਰ 'ਤੇ ਵਿਕਾਸ ਕਾਰਜਾਂ ਲਈ ਹਰਭਜਨ ਸਿੰਘ ਈ. ਟੀ. ਓ. ਦਾ ਧੰਨਵਾਦ ਕੀਤਾ ਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਬਾਬਾ ਬਲਵੰਤ ਸਿੰਘ ਮਾਂਗਟ, ਬਲਰਾਜ ਸਿੰਘ ਤਰਸਿੱਕਾ ਪ੍ਰਧਾਨ, ਵਿਸ਼ਾਲ ਸ਼ਰਮਾ ਪ੍ਰੇਸ ਸਕੱਤਰ, ਸੁਖਵਿੰਦਰ ਸਿੰਘ ਚੱਕੀ ਵਾਲੇ, ਗੁਰਜੀਤ ਸਿੰਘ ਗੱਗੀ ਫਰਨੀਚਰ ਵਾਲੇ, ਬਚਿੱਤਰ ਸਿੰਘ ਮਾਂਗਟ, ਗੁਰਦੇਵ ਸਿੰਘ ਸਾਬਕਾ ਸਰਪੰਚ ਤਰਸਿੱਕਾ, ਬਚਿੱਤਰ ਸਿੰਘ ਮਾਂਗਟ, ਸੁਖਵਿੰਦਰ ਸਿੰਘ ਮਾਨੀ ਚੱਕੀ ਵਾਲੇ, ਕੁਲਵੰਤ ਸਿੰਘ, ਕਾਮਰੇਡ ਕੁਲਵੰਤ ਸਿੰਘ, ਪ੍ਰਧਾਨ ਰਸੂਲਪੁਰ ਖੁਰਦ, ਰਮੇਸ਼ ਅਵਸਖੀ ਦੀਪੂ ਤੇ ਸੁਰਿੰਦਰ ਸਿੰਘ ਚੱਕੀ ਵਾਲੇ ਆਦਿ ਹਾਜ਼ਰ ਸਨ |