ਨਵਾਂ ਪਿੰਡ, 18 ਮਈ (ਜਸਪਾਲ ਸਿੰਘ)-ਸਬਜ਼ੀ ਮੰਡੀ ਵੱਲ੍ਹਾ, ਅੰਮਿ੍ਤਸਰ ਸਮੂਹ 'ਚ ਲੰਬਿਤ ਵਿਕਾਸ ਕਾਰਜਾਂ ਤੇ ਮੰਡੀ ਵਿਖੇ ਦਰਪੇਸ਼ ਮੁਸ਼ਕਿਲਾਂ ਨੂੰ ਲੈ ਕੇ 'ਅੰਮਿ੍ਤਸਰ ਫਰੂਟ ਐਂਡ ਵੈਜ਼ੀਟੇਬਲ ਮਰਚੈਂਟ (ਰਜਿ.) ਐਸੋਸੀਏਸ਼ਨ, ਸਬਜ਼ੀ ਮੰਡੀ ਵੱਲ੍ਹਾ ਅੰਮਿ੍ਤਸਰ' ਵਲੋਂ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਦੀ ਅਗਵਾਈ 'ਚ ਪੰਜਾਬ ਮੰਡੀ ਬੋਰਡ ਸਕੱਤਰ, ਜ਼ਿਲ੍ਹਾ ਅਧਿਕਾਰੀ ਅੰਮਿ੍ਤਸਰ, ਐਕਸੀਅਨ ਤੇ ਮੰਡੀ ਬੋਰਡ ਦੇ ਉੱਚ ਅਧਿਕਾਰੀ ਇੰਜਨੀਅਰ ਐਂਡ ਚੀਫ਼, ਪੰਜਾਬ ਮੰਡੀ ਬੋਰਡ ਚੰਡੀਗੜ, ਜਤਿਦਰ ਸਿੰਘ ਭੰਗੂ ਨਾਲ ਮੀਟਿੰਗ ਕੀਤੀ ਗਈ | ਇਸ ਸੰਬੰਧੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨਿਜ਼ਮਪੁਰ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੰਡੀ ਵਿਖੇ ਪਿੱਛਲੇ ਲੰਮੇਂ ਸਮੇਂ ਤੋਂ ਰੁਕੇ ਵਿਕਾਸ ਕਾਰਜਾਂ ਤੇ ਮੰਡੀ ਵਿਖੇ ਲੋਕ ਮੁਸ਼ਕਿਲਾਂ ਤੋਂ ਸੰਬੰਧਿਤ ਅਧਿਕਾਰੀਆਂ ਨੂੰ ਜਾਣੂੰ ਕਰਵਾਉਂਦਿਆਂ ਇਨ੍ਹਾਂ ਦੇ ਹੱਲ ਲਈ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਦੇ ਦਿਸ਼ਾਂ ਨਿਰਦੇਸ਼ਾਂ 'ਤੇ ਅੱਜ ਮੰਡੀ 'ਚ ਪਹੁੰਚੇ ਐੱਸ. ਡੀ. ਓ. ਰਾਵਲ ਸਿੰਘ ਤੇ ਜਸਪ੍ਰੀਤ ਸਿੰਘ ਨੇ ਮੰਡੀ 'ਚ ਮੁਸ਼ਕਿਲਾਂ ਤੇ ਹੋਣ ਵਾਲੇ ਵਿਕਾਸ ਕਾਰਜਾਂ ਜਿਸ 'ਚ ਫਰੂਟ ਮੰਡੀ ਤੋਂ ਪਿਆਜ਼ ਮੰਡੀ ਚੌਕ ਤੱਕ ਬਣੀ ਨਵੀਂ ਸੜਕ ਦੇ ਦੋਵੇਂ ਪਾਸੇ ਪੱਕੇ ਕਰਨ, ਦੁਕਾਨਾਂ ਵਾਲੇ ਪਾਸੇ ਇੱਟਾਂ ਦਾ ਖੜਵੰਜਾ ਤੇ ਸ਼ੈੱਡ ਵਾਲੇ ਪਾਸੇ ਸੜਕ ਬਣਾਉਣ, ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਈਪ ਪਾਉਣ, ਤਾਂ ਜੋ ਆਉਣ ਵਾਲੀਆਂ ਬਰਸਾਤਾਂ ਦੇ ਕਾਰਨ ਫਰੂਟ ਤੇ ਪਿਆਜ਼ ਦਾ ਕੋਈ ਨੁਕਸਾਨ ਨਾ ਹੋ ਸਕੇ, ਸੜਕ ਉੱਪਰ ਨਵੀਆਂ ਸਟ੍ਰੀਟ ਲਾਈਟਾਂ ਲਾਉਣ, ਇਕ ਨਵਾਂ ਸ਼ੈੱਡ ਬਣਾਉਣ, ਮੰਡੀ ਵਿਚ ਕੰਮ ਕਰਦੇ ਫੜੀਏ ਜੋ ਸੜਕਾਂ ਉੱਤੇ ਬੈਠੇ ਹੋਏ ਹਨ, ਉਨ੍ਹਾਂ ਨੂੰ ਨਵੀਂ ਜਗ੍ਹਾ 'ਤੇ ਬਿਠਾਉਣ, ਚਾਰਦੀਵਾਰੀ ਜਲਦੀ ਸ਼ੁਰੂ ਕਰਨ, ਵੱਲਾ ਪਿੰਡ ਵਾਲੇ ਪਾਸੇ ਤੋਂ ਮੰਡੀ ਦੇ ਗੇਟ ਨੰਬਰ 1 ਦੇ ਬਾਹਰ ਵਾਲੀ ਦੀਵਾਰ ਅਤੇ ਸੈਡ ਨੰਬਰ 4 ਵਿਚਕਾਰ ਵਾਲੀ ਖਾਲੀ ਪਈ ਜਗ੍ਹਾ ਨੂੰ ਮਿੱਟੀ ਪਵਾ ਕੇ ਇੱਟਾਂ ਦਾ ਖੜਵੰਜਾ ਲਾਉਣ ਆਦਿ ਬਾਰੇ ਦੱਸਿਆ ਗਿਆ, ਜਿਸ 'ਤੇ ਅਧਿਕਾਰੀਆਂ ਵਿਕਾਸ ਕਾਰਜ ਜਲਦ ਸ਼ੁਰੂ ਕਰਨ ਤੇ ਮੁਸ਼ਕਲਾਂ ਦੇ ਸਥਾਈ ਹੱਲ ਦਾ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਇਆ ਗਿਆ | ਇਸ ਮੌਕੇ ਚੇਅਰਮੈਨ ਰਾਜਦੀਪ ਸਿੰਘ ਉੱਪਲ ਤੇ ਜਨਰਲ ਸਕੱਤਰ ਜਤਿੰਦਰ ਖੁਰਾਣਾ ਆਦਿ ਹਾਜ਼ਰ ਸਨ |