29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਚੀਫ਼ ਖ਼ਾਲਸਾ ਦੀਵਾਨ ਵਲੋਂ ‘ਸੀ.ਕੇ.ਡੀ ਵਿੱਦਿਅਕ ਸੰਗੀਤ ਸੰਮੇਲਨ’ ’ਚ ਸਰੋਤਿਆਂ ਨੇ ਮਾਣਿਆ ‘ਗੁਰਮਤਿ ਅਤੇ ਸ਼ਾਸਤਰੀ ਸੰਗੀਤ ਦੇ ਸੁਮੇਲ’ ਦਾ ਨਜ਼ਾਰਾ

ਅੰਮ੍ਰਿਤਸਰ, 28 ਨਵੰਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਦੀਵਾਨ ਦੇ 125 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ‘ਸੀ. ਕੇ.

ਸ. ਜਸਵਿੰਦਰ ਸਿੰਘ ਜੱਸੀ ਮੰਚ ਸੰਚਾਲਨ ਕਰਦੇ ਹੋਏ। ਤਸਵੀਰ : ਹਰਜੀਤ ਸਿੰਘ 29-11-2026
ਅੰਮ੍ਰਿਤਸਰ, 28 ਨਵੰਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਦੀਵਾਨ ਦੇ 125 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ‘ਸੀ.ਕੇ.ਡੀ ਵਿੱਦਿਅਕ ਸੰਗੀਤ ਸੰਮੇਲਨ’ ਅੱਜ ਸ਼ਾਮ ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਸਕੂਲ ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਇਸ ਰੂਹਾਨੀ ਸ਼ਾਮ ਦੌਰਾਨ ਜਿੱਥੇ ਗੁਰੂ ਕਾਲ ਤੋਂ ਚੱਲੀ ਆ ਰਹੀ ਮਹਾਨ ਪ੍ਰੰਪਰਾ ਗੁਰਮਤਿ ਸੰਗੀਤ ਅਤੇ ਸਿੱਖ ਸੰਗੀਤ ਦੀਆਂ ਵੱਖ ਵੱਖ ਗਾਇਨ ਸ਼ੈਲੀਆਂ, ਭੱਟਾਂ ਦੀ ਬਾਣੀ ਦਾ ਗਾਇਨ, ਧਰੁਪਦ, ਖ਼ਿਆਲ ਅਤੇ ਹੋਰ ਪ੍ਰੰਪਰਾਗਤ ਗਾਇਨ ਸ਼ੈਲੀਆਂ ਰਾਹੀਂ ਗੁਰੂ ਘਰ ਦੇ ਨਾਮਵਰ ਕਲਾਸੀਕਲ ਕੀਰਤਨੀਆਂ ਨੇ ਆਪਣੀ ਹਾਜ਼ਰੀ ਲਗਵਾਈ, ਉਥੇ ਭਾਰਤੀ ਸ਼ਾਸਤਰੀ ਸੰਗੀਤ ਦੇ ਉੱਚ ਕੋਟੀ ਦੇ ਸੰਗੀਤਕਾਰਾਂ ਨੇ ਵੀ ਖ਼ਿਆਲ, ਠੁਮਰੀ, ਤਰਾਨਾ, ਸਾਰੰਗੀ, ਤਬਲਾ ਵਾਦਨ, ਤਾਊਸ ਤੇ ਤੰਤੀ ਸਾਜ਼ਾਂ ਆਦਿ ਦੀਆਂ ਵੱਖ ਵੱਖ ਸੰਗੀਤ ਤੇ ਸਾਜ਼ ਵਾਦਨ ਵੰਨਗੀਆਂ ਰਾਹੀਂ ਆਪਣੀ ਮਹਾਨ ਗਾਇਣ ਕਲਾ ਦਾ ਪ੍ਰਦਰਸ਼ਨ ਕਰਕੇ ਵੱਡੀ ਗਿਣਤੀ ਵਿਚ ਪੁੱਜੇ ਸਰੋਤਿਆਂ ਤੇ ਸੰਗੀਤ ਪ੍ਰੇਮੀਆਂ ਨੂੰ ਮੰਤਰ ਮੁਗਧ ਕੀਤਾ। ਇਸ ਗੁਰਮਤਿ ਤੇ ਸ਼ਾਸਤਰੀ ਸੰਗੀਤ ਦੀ ਸ਼ਾਮ ਦੌਰਾਨ ਨਾਮਵਰ ਕਲਾਕਾਰਾਂ ਪਦਮ ਭੂਸ਼ਣ ਪੰਡਿਤ ਸਾਜਨ ਮਿਸ਼ਰਾ, ਪੰਡਿਤ ਸਵਰਾਂਸ਼ ਮਿਸ਼ਰਾ, ਉਸਤਾਦ ਦਿਲਸ਼ਾਦ ਖਾਨ, ਉਸਤਾਦ ਯਸ਼ਵੰਤ ਵੈਸ਼ਨਵ, ਭਾਈ ਸਤਨਿੰਦਰ ਸਿੰਘ ਬੋਦਲ, ਡਾ. ਪ੍ਰੋਫੈਸਰ ਜਤਿੰਦਰ ਸਿੰਘ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੇ ਨਾਮਵਰ ਸੂਫ਼ੀ ਗਾਇਕ ਬੀਰ ਸਿੰਘ ਨੇ ਰਾਗਾਂ ਆਧਾਰਤ ਸ਼ਬਦ ਗਾਇਣ ਅਤੇ ਹੋਰ ਭਾਵਪੂਰਨ ਸੰਗੀਤਕ ਪੇਸ਼ਕਾਰੀਆਂ ਰਾਹੀਂ ਆਪਣੀ ਗਾਇਣ ਤੇ ਸਾਜ਼ ਵਾਦਨ ਕਲਾ ਦਾ ਜਾਦੂ ਸਰੋਤਿਆਂ ਸਿਰ ਧੂੜਿਆ। ਇਸ ਦੌਰਾਨ ਦੀਵਾਨ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸੀ.ਕੇ.ਡੀ ਬਡਿੰਗ ਮਾਸਟਰੋਜ਼ ਦੇ ਨਾਮ ਹੇਠ ਕੀਤੀ ਗਈ ਵਿਸ਼ੇਸ਼ ਕਲਾਸੀਕਲ ਗਾਇਣ ਪੇਸ਼ਕਾਰੀ ਨੇ ਵੀ ਬੱਚਿਆਂ ਦੀ ਸੰਗੀਤ ਕਲਾ, ਲਗਨ ਅਤੇ ਸੁਰ ਤਾਲ ਦੀ ਡੂੰਘੀ ਸਮਝ ਨੂੰ ਉਜਾਗਰ ਕੀਤਾ। ਇਸ ਮੌਕੇ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਆਏ ਵਿਦਵਾਨ ਗਾਇਕਾਂ ਨੂੂੰ ਸਨਮਾਨਤ ਕਰਦਿਆਂ ਗੁਰਮਤਿ ਅਤੇ ਸ਼ਾਸ਼ਤਰੀ ਸੰਗੀਤ ਦੀ ਇਸ ਅਨਮੋਲ ਵਿਰਾਸਤ ਨੂੰ ਸੰਭਾਲਣ ਅਤੇ ਇਸਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਧਰਮ ਪ੍ਰਚਾਰ ਕਮੇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਦੀਵਾਨ ਨੇ ਆਪਣੇ 125 ਸਾਲਾ ਦੇ ਮਾਣਮੱਤੇ ਸਫਰ ਦੌਰਾਨ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ, ਪ੍ਰਚਾਰਕ ਅਤੇ ਗੁਰਮਤਿ ਦੇ ਵਿਦਵਾਨ ਤਿਆਰ ਕੀਤੇ ਹਨ। ਆਨਰੇਰੀ ਸਕੱਤਰ ਰਮਣੀਕ ਸਿੰਘ ਫ੍ਰੀਡਮ ਨੇ ਕਿਹਾ ਇਹ ਸੰਗੀਤ ਸਮਾਗਮ ਮਨੁੱਖੀ ਆਤਮਾ ਦੀ ਖੁਰਾਕ ਦੇ ਨਾਲ ਅਧਿਆਤਮਕ ਸੰਗੀਤ ਅਤੇ ਭਾਰਤੀ ਸ਼ਾਸਤਰੀ ਸੰਗੀਤ ਦੀਆਂ ਪਰੰਪਰਾਵਾਂ ਨੂੰ ਇਕ ਮੰਚ ਤੇ ਇੱਕਠਿਆਂ ਕਰਨ ਦਾ ਸਾਰਥਿਕ ਉਪਰਾਲਾ ਹੈ। ਐਜੂਕੇਸ਼ਨਲ ਕਮੇਟੀ ਦੇ ਐਡੀ.ਆਨਰੇਰੀ ਸਕੱਤਰ/ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਕੁਲਜੀਤ ਸਿੰਘ ‘ਸਿੰਘ ਬ੍ਰਦਰਜ਼’ ਅਤੇ ਧਰਮ ਪ੍ਰਚਾਰ ਕਮੇਟੀ ਮੈਂਬਰ ਹਰਮਨਜੀਤ ਸਿੰਘ ਨੇ ਕਿਹਾ ਕਿ ਇਸ ਉਪਰਾਲੇ ਦਾ ਮਨੋਰਥ ਗੁਰਮਤਿ ਅਤੇ ਸ਼ਾਸਤਰੀ ਸੰਗੀਤ ਦੀਆਂ ਪਰੰਪਰਾਵਾਂ ਨੂੰ ਪ੍ਰਫੁੱਲਤ ਕਰਨਾ ਅਤੇ ਨਵੀਂ ਪੀੜ੍ਹੀ ਦੇ ਮਨਾਂ ਅੰਦਰ ਸ਼ੁੱਧ ਨਿਰਧਾਰਿਤ ਰਾਗਾਂ ਅਧਾਰਿਤ ਸੰਗੀਤ ਪ੍ਰਤੀ ਰੂਚੀ ਪੈਦਾ ਕਰਨਾ ਹੈ। ਸਟੇਜ ਸਕੱਤਰ ਦੇ ਫਰਜ਼ ਨਿਭਾਉਂਦਿਆਂ ਸ: ਜਸਵਿੰਦਰ ਸਿੰਘ ਜੱਸੀ ਨੇ ਵੀ ਗੁਰਮਤਿ ਸੰਗੀਤ ਪ੍ਰੰਪਰਾ ਤੋਂ ਜਾਣੂੰ ਕਰਵਾਇਆ। ਸਮਾਗਮ ਦੌਰਾਨ ਚੀਫ਼ ਖ਼ਾਲਸਾ ਦੀਵਾਨ ਐਲੂਮਨੀ ਸੁਸਾਇਟੀ ਵਲੋਂ ਤਿਆਰ ਕੀਤੀ ਗਈ ਸੰਸਥਾ ਦੇ ਸਾਬਕਾ ਵਿਦਿਆਰਥੀ ਤੇ ਪ੍ਰਸਿੱਧ ਗਾਇਕ ਬੀਰ ਸਿੰਘ ਦੇ ਜੀਵਨ ਅਤੇ ਸੰਗੀਤਕ ਸਫ਼ਰ ‘ਤੇ ਆਧਾਰਿਤ ਵਿਸ਼ੇਸ਼ ਦਸਤਾਵੇਜ਼ੀ ਫ਼ਿਲਮ ‘ਬੀਰ ਸਿੰਘ: ਰੂਹਾਂ ਦਾ ਰਾਹੀਂ: ਏ ਵਿਜ਼ੂਅਲ ਕ੍ਰੋਨਿਕਲ’ ਵੀ ਲੋਕ ਅਰਪਿਤ ਕੀਤੀ ਗਈ। ਇਸ ਮੌਕੇ ਗਾਇਕ ਬੀਰ ਸਿੰਘ ਵੱਲੋਂ ਆਏ ਕਲਾਕਾਰਾਂ, ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ ਤੇ ਮੁੱਖ ਦਫ਼ਤਰ ਮੈਂਬਰ ਇੰਚਾਰਜ ਹਰਵਿੰਦਰ ਪਾਲ ਸਿੰਘ ਚੁੱਘ, ਐਡੀ.ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਭਾਈ ਹਰਪ੍ਰੀਤ ਸਿੰਘ ਭਗਤ ਸਿੰਘ, ਉਸਤਾਦ ਪ੍ਰਿੰਸੀਪਲ ਸੁਖਵੰਤ ਸਿੰਘ ਤੋਂ ਇਲਾਵਾ ਦੀਵਾਨ ਦੇ ਹੋਰ ਅਹੁਦੇਦਾਰ, ਮੈਂਬਰ, ਵੱਖ ਵੱਖ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ ਹੋਰ ਗੁਰਮਤਿ ਸੰਗੀਤ ਪ੍ਰੇਮੀ ਤੇ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਆਪ ਦੇ ਉਮੀਦਵਾਰ ਸੋਨੀਆ ਮਾਨ ਵਲੋਂ ਉਮਰਪੁਰਾ ਵਿਖੇ ਮੀਟਿੰਗ ਅਗਲੀ ਖ਼ਬਰ ਇੰਗਲੈਂਡ ’ਚ ਜਾਨ ਗੁਆਉਣ ਵਾਲੀ ਪਿੰਡ ਵਰਪਾਲ ਦੀ ਨੌਜਵਾਨ ਲੜਕੀ ਦਾ ਅੰਤਿਮ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।