ਪਟਿਆਲਾ, 14 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਪਦਮਸ਼੍ਰੀ ਪ੍ਰਾਣ ਸੱਭਰਵਾਲ, ਡਾਇਰੈਕਟਰ ਨਟਾਸ ਨੇ ਕਿਹਾ ਕਿ ਸਿੱਖੀ ਇਕ ਮਿਸਾਲ-ਯੋਗ ਧਰਮ ਹੈ, ਜੋ ਪਰਓਪਕਾਰੀ, ਮਾਨਵ ਸੇਵੀ ਅਤੇ ਤਿਆਗੀ ਜੀਵਨ ਜਿਊਣ 'ਤੇ ਜ਼ੋਰ ਦਿੰਦਾ ਹੈ, ਜਿਸ ਨਾਲ ਸੁੱਖ, ਸ਼ਾਂਤੀ ਅਤੇ ਸਮੱਰਿਧੀ ਹਾਸਲ ਹੁੰਦੀ ਹੈ | ਉਪਰੋਕਤ ਵਿਚਾਰ ਪ੍ਰਾਣ ਸੱਭਰਵਾਲ ਨੇ ਉੱਘੀ ਸਿੱਖੀ ਪ੍ਰਚਾਰ-ਸਮਾਜ ਸੇਵੀ ਸੰਸਥਾ ਦੀ ਪ੍ਰਧਾਨ ਮਾਈ ਭਾਗੋ ਬ੍ਰੀਗੇਡ ਦੇ 21 ਸਾਲ ਮੁਕੰਮਲ ਹੋਣ 'ਤੇ ਸਾਲਾਨਾ ਸਮਾਗਮ ਦੌਰਾਨ ਪ੍ਰਗਟ ਕੀਤੇ | ਸ੍ਰੀ ਸੱਭਰਵਾਲ ਨੇ ਕਿਹਾ ਕਿ ਡਾ. ਕੁਲਵੰਤ ਕੌਰ ਵਲੋਂ ਗੁਰਮਤਿ ਸਿਖਿਆਵਾਂ, ਸਕੂਲੀ ਵਿਦਿਆਰਥੀਆਂ ਨੂੰ ਸ਼ਬਦ ਕੀਰਤਨ, ਅਦਾਕਾਰੀ ਗੀਤ ਪੇਸ਼ਕਾਰੀ, ਜਾਣਕਾਰੀ ਮੁਕਾਬਲੀਆਂ ਦੇ ਆਯੋਜਨਾਂ ਅਤੇ ਤਿੰਨ ਦਹਾਕਿਆਂ ਦੌਰਾਨ ਦੇਸ਼ ਵਿਦੇਸ਼ਾਂ ਵਿਚ ਸਿੱਖੀ ਮਰਿਯਾਦਾ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਭਾਰਤੀਅਤਾਂ ਦੇ ਪ੍ਰਚਾਰ ਅਤੇ ਵਿਕਾਸ ਵੱਲ ਪਾਏ ਜਾ ਰਹੇ ਬੜਮੁੱਲੇ ਯੋਗਦਾਨ ਦੇ ਮਦੇਨਜਰ ਡਾ. ਕੁਲਵੰਤ ਕੌਰ ਨੂੰ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਕੌਮੀ ਸਨਮਾਨ ਮਿਲਣਾ ਚਾਹੀਦਾ ਹੈ | ਵੱਖ-ਵੱਖ ਸਕੂਲਾਂ ਵਿਚ ਬੀ-ਗ੍ਰੇਡ ਵਲੋਂ ਤਿਆਰ ਪ੍ਰੋਗਰਾਮ, ਸ਼ਬਦ ਗਾਇਨ, ਅਦਾਇਗੀ ਗੀਤ ਆਦਿ ਨੂੰ ਭਰਵਾਂ ਹੁੰਗਾਰਾ ਮਿਲਿਆ | ਨਟਾਸ ਦੇ ਕਲਾਕਾਰਾਂ ਪਰਮਜੀਤ ਕੌਰ, ਅੰਮਿ੍ਤਪਾਲ ਸਿੰਘ, ਬਲਜੀਤ ਚੰਦ ਤੋਂ ਬਿਨਾਂ ਹਾਜਰ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ |