ਪਾਤੜਾਂ, 20 ਅਪ੍ਰੈਲ (ਗੁਰਇਕਬਾਲ ਸਿੰਘ ਖ਼ਾਲਸਾ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਵਿਚ ਆਈ ਕਣਕ ਦੀ ਫ਼ਸਲ ਦੀ ਲਿਫ਼ਟਿੰਗ ਕਰਵਾਉਣ ਅਤੇ ਫ਼ਸਲ ਦੇ ਪੈਸਿਆਂ ਦੇ ਭੁਗਤਾਨ ਕਰਨ ਵਿਚ ਅਸਫਲ ਰਹੀ ਹੈ ਜਿਸ ਕਾਰਨ ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਐੱਸ.ਸੀ. ਸੈੱਲ ਦੇ ਸੂਬਾ ਕੋਆਰਡੀਨੇਟਰ ਨਛੱਤਰ ਸਿੰਘ ਅਰਾਈਾਮਾਜਰਾ ਨੇ ਸਬ ਡਿਵੀਜ਼ਨ ਪਾਤੜਾਂ ਦੀਆਂ ਮੰਡੀਆਂ ਬਾਦਸ਼ਾਹਪੁਰ, ਨਨਹੇੜਾ ਤੇ ਘੱਗਾ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਫ਼ਸਲ ਦੀ ਪੇਮੈਂਟ ਵਿਚ ਹੋ ਰਹੀ ਦੇਰੀ ਨਾਲ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਇਸ ਪੇਮੈਂਟ ਨਾਲ ਹੀ ਕਿਸਾਨਾਂ ਅਤੇ ਆੜ੍ਹਤੀਆਂ ਦਾ ਕਾਰੋਬਾਰ ਚਲਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਕਣਕ ਦੀ ਫ਼ਸਲ ਦੀ ਅਦਾਇਗੀ ਕਰਨ ਵਿਚ ਅਸਫਲ ਰਹੀ ਹੈ ਉੱਥੇ ਹੀ ਮੰਡੀਆਂ ਵਿਚ ਕਣਕ ਦੀ ਫ਼ਸਲ ਦੀ ਲਿਫ਼ਟਿੰਗ ਕਰਾਉਣ ਵਿਚ ਵੀ ਫ਼ੇਲ੍ਹ ਸਾਬਤ ਹੋਈ ਹੈ, ਜਿਸ ਨਾਲ ਆੜ੍ਹਤੀਆਂ ਤੇ ਕਿਸਾਨਾਂ ਨੂੰ ਭਾਰੀ ਚਿੰਤਾ ਸਤਾ ਰਹੀ ਹੈ | ਇਸ ਮੌਕੇ ਸੁਭਾਸ਼ ਚੰਦ ਬਾਦਸ਼ਾਹਪੁਰ, ਭਗਵਾਨ ਦਾਸ, ਚਿਮਨ ਲਾਲ, ਡਾਕਟਰ ਕਰਮ ਚੰਦ, ਨਰਿੰਦਰ ਸਿੰਘ ਨਨਹੇੜਾ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਮਵੀ, ਹੈਪੀ ਮਵੀ, ਸ਼ੇਖਰ ਚੰਦ ਸ਼ਰਮਾ ਆਦਿ ਹਾਜ਼ਰ ਸਨ |