ਪਟਿਆਲਾ, 17 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਪੋਦਾਰ ਇੰਟਰਨੈਸ਼ਨਲ ਸਕੂਲ ਪਟਿਆਲਾ ਵਲੋਂ ਵਿਦਿਆਰਥੀਆਂ ਲਈ ਚਲਾਏ ਜਾ ਰਹੇ ਇੰਟਰਐਕਟਿਵ ਲਰਨਿੰਗ ਪ੍ਰੋਗਰਾਮ ''ਮਾਈਾਡ ਟੂ ਮਾਈਕ'' ਤਹਿਤ ਵਿਦਿਆਰਥੀਆਂ ਨੇ ਪੰਜਾਬ ਦੇ ਪ੍ਰਮੁੱਖ ਅਖ਼ਬਾਰ 'ਅਜੀਤ' ਦੇ ਪਟਿਆਲਾ ਦਫ਼ਤਰ ਦਾ ਦੌਰਾ ਕੀਤਾ | ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਪਟਿਆਲਾ ਉਪ-ਦਫ਼ਤਰ ਦੀ ਟੀਮ ਤੋਂ ਪਿ੍ੰਟ ਅਤੇ ਵੈੱਬ ਪੱਤਰਕਾਰਤਾ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ | ਇਸ ਮੌਕੇ 'ਅਜੀਤ' ਅਖ਼ਬਾਰ ਦੀ ਟੀਮ ਵਲੋਂ ਵਿਦਿਆਰਥੀਆਂ ਨੂੰ ਖ਼ਬਰਾਂ ਇਕੱਠੀਆਂ ਕਰਨ, ਖ਼ਬਰਾਂ ਦੀ ਆਡੀਟਿੰਗ ਕਰਨ ਅਤੇ ਅਖ਼ਬਾਰ ਦੀ ਪਿ੍ੰਟਿੰਗ ਪ੍ਰਕਿਰਿਆ ਦੇ ਨਾਲ-ਨਾਲ ਸਟੂਡੀਓ ਦਾ ਦੌਰਾ ਕਰਵਾਇਆ | ਸਕੂਲ ਦੇ ਲਗਭਗ 80 ਵਿਦਿਆਰਥੀਆਂ ਸਮੇਤ ਕੁੱਝ ਅਧਿਆਪਕਾਂ ਵਲੋਂ ਕੀਤੇ ਇਸ ਦੌਰੇ ਦੌਰਾਨ 'ਅਜੀਤ' ਦੇ ਪਟਿਆਲਾ ਉਪ ਦਫ਼ਤਰ ਦੇ ਇੰਚਾਰਜ ਧਰਮਿੰਦਰ ਸਿੰਘ ਸਿੱਧੂ ਵਲੋਂ ਆਪਣੀ ਸਮੂਹ ਟੀਮ ਨਾਲ ਜਾਣੂ ਕਰਵਾਇਆ ਗਿਆ | ਉਪਰੰਤ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਚੱਠਾ ਵਲੋਂ ਵਿਦਿਆਰਥੀਆਂ ਨੂੰ ਅਖ਼ਬਾਰ ਬਾਰੇ ਵਿਸਤਰਿਤ ਜਾਣਕਾਰੀ ਦਿੱਤੀ ਗਈ | ਵੈੱਬ ਰਿਪੋਰਟਰ ਅਮਨਦੀਪ ਸਿੰਘ ਵਲੋਂ ਜਿੱਥੇ ਬੱਚਿਆਂ ਨੂੰ ਸਟੂਡੀਓ ਦਾ ਦੌਰਾ ਕਰਵਾਇਆ ਗਿਆ ਉੱਥੇ ਹੀ ਸਟੂਡੀਓ ਨਾਲ ਸੰਬੰਧਿਤ ਕੈਮਰੇ, ਰੌਸ਼ਨੀ ਅਤੇ ਹੋਰ ਉਪਕਰਨਾਂ ਬਾਰੇ ਵੀ ਦੱਸਿਆ ਗਿਆ | ਸੀਨੀਅਰ ਪੱਤਰਕਾਰ ਮਨਦੀਪ ਸਿੰਘ ਖਰੌੜ ਪਾਸੋਂ ਇਲੈੱਕਟ੍ਰਾਨਿਕ ਮੀਡੀਆ ਦੇ ਕੰਮ ਕਰਨ ਦੇ ਢੰਗ ਬਾਰੇ ਵੀ ਸਿੱਖਿਆ ਪ੍ਰਾਪਤ ਕੀਤੀ | ਇਸ ਮੌਕੇ ਵਿਦਿਆਰਥੀਆਂ ਵਲੋਂ ਮੀਡੀਆ ਖੇਤਰ ਨਾਲ ਜੁੜੇ ਪ੍ਰਸ਼ਨ-ਉੱਤਰ ਦਾ ਸੈਸ਼ਨ ਕੀਤਾ ਗਿਆ, ਜਿਸ ਵਿਚ ਉਨ੍ਹਾਂ ਵਲੋਂ ਮੀਡੀਆ ਨਾਲ ਸੰਬੰਧਿਤ ਕਈ ਅਹਿਮ ਜਾਣਕਾਰੀਆਂ ਹਾਸਲ ਕੀਤੀਆਂ ਗਈਆਂ | ਇਸ ਦੌਰਾ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਤੇ ਅਖ਼ਬਾਰ ਦੀ ਅਹਿਮੀਅਤ ਬਾਰੇ ਜਾਣਿਆ ਉੱਥੇ ਹੀ ਕਈ ਵਿਦਿਆਰਥੀਆ ਵਲੋਂ ਮੀਡੀਆ ਦੇ ਖੇਤਰ ਵਿਚ ਜਾਣ ਦੀ ਗੱਲ ਵੀ ਆਖੀ | ਇਸ ਦੌਰਾਨ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਪੋਦਾਰ ਇੰਟਰਨੈਸ਼ਨਲ ਸਕੂਲ ਪਟਿਆਲਾ ਇਸ ਤਰ੍ਹਾਂ ਦੇ ਸਿੱਖਣ ਪ੍ਰੋਗਰਾਮ ਸਕੂਲ ਵਿਚ ਨਿਰੰਤਰ ਕਰਵਾਉਂਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਵਹਾਰਿਕ ਜਾਣਕਾਰੀ ਵੀ ਮਿਲ ਸਕੇ | ਅੰਤ 'ਚ ਪੋਦਾਰ ਇੰਟਰਨੈਸ਼ਨਲ ਸਕੂਲ ਪਟਿਆਲਾ ਵਲੋਂ ਅਦਾਰਾ 'ਅਜੀਤ' ਦਾ ਵਿਸ਼ੇਸ਼ ਧੰਨਵਾਦ ਕਰਨ ਦੇ ਨਾਲ-ਨਾਲ 'ਅਜੀਤ' ਅਖ਼ਬਾਰ ਦੀ ਉਪ-ਦਫ਼ਤਰ ਪਟਿਆਲਾ ਦੀ ਟੀਮ ਵਲੋਂ ਵਿਦਿਆਰਥੀਆਂ ਨੂੰ ਮੀਡੀਆ ਬਾਰੇ ਕੀਮਤੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਗਿਆ |