ਪਟਿਆਲਾ, 17 ਮਈ (ਧਰਮਿੰਦਰ ਸਿੰਘ ਸਿੱਧੂ)-ਸੂਬੇ 'ਚ ਜਨਗਣਨਾ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਅਧਿਆਪਕਾਂ ਨੂੰ ਸਕੂਲ ਸਮੇਂ ਤੋਂ ਬਾਅਦ ਜਨਗਣਨਾ ਲਈ ਕੰਮ ਕਰਨ ਨੂੰ ਆਖਿਆ ਗਿਆ ਹੈ | ਬੀਮਾ ਕਾਰਡ ਯੋਜਨਾ, ਡਰੱਗ ਸੈਂਸਸ, ਬੀ.ਐਲ.ਓ. ਦੇ ਤੌਰ 'ਤੇ ਐਸ.ਆਈ.ਆਰ. ਦਾ ਕੰਮ ਕਰਨਾ, ਪਰਾਲੀ ਸਾੜਨ ਸੰਬੰਧੀ ਉਪਰੰਤ ਹੁਣ ਜਨਗਣਨਾ ਵਿਚ ਸੂਬੇ ਦੇ ਹੋਰਨਾਂ ਵਿਭਾਗਾਂ ਨਾਲੋਂ ਸਭ ਤੋਂ ਵੱਧ ਡਿਊਟੀਆਂ ਅਧਿਆਪਕ ਨਿਭਾਅ ਰਹੇ ਹਨ | ਇਸ ਤੋਂ ਇਲਾਵਾ ਪਟਵਾਰੀ, ਵੱਖ-ਵੱਖ ਵਿਭਾਗਾਂ ਦਾ ਕਲੈਰੀਕਲ ਸਟਾਫ਼, ਬਿਜਲੀ ਨਿਗਮ ਦੇ ਅਧਿਕਾਰੀਆਂ ਵਲੋਂ ਆਪਣਾ ਕੰਮ ਪ੍ਰਭਾਵਿਤ ਹੋਣ ਦਾ ਕਾਰਨ ਦੱਸ ਕੇ ਆਪਣੇ ਸਟਾਫ਼ ਨੂੰ ਉਪਰੋਕਤ ਡਿਊਟੀਆਂ 'ਤੇ ਜਾਣ ਤੋਂ ਬਚਾਅ ਲਿਆ ਜਾਂਦਾ ਹੈ | ਪ੍ਰੰਤੂ ਸੂਬੇ ਦੇ ਸਿੱਖਿਆ ਵਿਭਾਗ ਜਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵਲੋਂ ਆਪਣੇ ਅਧਿਆਪਕਾਂ ਲਈ ਕਦੇ ਵੀ ਕਿਸੇ ਸਕੂਲ ਖ਼ਾਲੀ ਰਹਿਣ, ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਦਾ ਹਵਾਲਾ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਅਧਿਆਪਕਾਂ ਦੇ ਕੰਮ ਨੂੰ ਪ੍ਰਭਾਵਿਤ ਹੁੰਦਾ ਦੱਸ ਕੇ ਕਦੇ ਵਿਭਾਗੀ ਪੱਤਰ ਜਾਰੀ ਕੀਤਾ ਜਾਂਦਾ | ਬੇਸ਼ੱਕ ਪਹਿਲਾਂ ਜਨਗਣਨਾ ਦੀ ਸਿਖਲਾਈ ਦੌਰਾਨ ਸਕੂਲ ਖ਼ਾਲੀ ਰਹਿਣ ਦੀਆਂ ਚਰਚਾਵਾਂ ਛਿੜੀਆਂ ਰਹੀਆਂ ਅਤੇ ਉਸ ਤੋਂ ਬਾਅਦ ਵੀ ਜਨਗਣਨਾ ਦਾ ਸਮਾਨ ਲੈਣ ਲਈ ਅਧਿਆਪਕਾਂ ਦੇ ਜਾਣ ਨਾਲ ਇਕ ਵਾਰ ਫਿਰ ਤੋਂ ਸਕੂਲ ਖ਼ਾਲੀ ਰਹਿਣ ਦੀਆਂ ਖ਼ਬਰਾਂ ਨਸ਼ਰ ਹੋਈਆਂ ਹਨ | ਲੰਘੇ 20-25 ਦਿਨਾਂ ਤੋਂ ਸਰਕਾਰੀ ਸਕੂਲ ਖ਼ਾਲੀ ਰਹਿਣ ਕਾਰਨ ਹੋ ਰਹੀ ਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਦਾ ਖ਼ਮਿਆਜ਼ਾ ਬੇਸ਼ੱਕ ਅੱਗੇ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਭੁਗਤਣਾ ਪਵੇਗਾ ਅਤੇ ਹੁਣ ਉਹ ਸਰਕਾਰੀ ਡਿਊਟੀਆਂ ਅਤੇ ਮਾਪਿਆਂ ਦੇ ਸਕੂਲ ਖ਼ਾਲੀ ਰਹਿਣ ਦੇ ਰੋਸ ਅਤੇ ਪੜ੍ਹਾਈ ਦੇ ਨੁਕਸਾਨ ਕਾਰਨ ਦੁਖੀ ਨਜ਼ਰ ਆ ਰਹੇ ਹਨ | ਇਸ ਸਭ ਦੇ ਚੱਲਦਿਆਂ ਸਿੱਖਿਆ ਵਿਭਾਗ ਦੀ ਜ਼ਿਲੇ੍ਹ ਦੀ ਵਾਗਡੋਰ ਸਾਂਭਣ ਵਾਲੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਚੁੱਪੀ ਅਤੇ ਆਪਣੇ ਅਧਿਆਪਕਾਂ ਲਈ ਕਦੇ ਹਾਅ ਦਾ ਨਾਅਰਾ ਨਾ ਮਾਰਨਾ ਵੱਡਾ ਸਵਾਲ ਪੈਦਾ ਕਰ ਰਿਹਾ ਹੈ | ਅਧਿਆਪਕਾਂ ਦਾ ਕਹਿਣਾ ਹੈ ਕਿ ਸੈਸ਼ਨ ਦੇ ਸ਼ੁਰੂ ਹੁੰਦਿਆਂ ਹੀ ਪਹਿਲਾਂ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਦੂਜੇ ਪਾਸੇ ਜਦੋਂ ਸਕੂਲ ਲੱਗਦੇ ਹਨ ਫਿਰ ਵੱਖ-ਵੱਖ ਤਰ੍ਹਾਂ ਡਿਊਟੀਆਂ ਲਗਾ ਕੇ ਸਕੂਲੋਂ ਬਾਹਰ ਤੋਰਾ-ਫੇਰਾ 'ਤੇ ਲਾ ਦਿੱਤਾ ਜਾਂਦਾ ਹੈ ਤੇ ਸੈਸ਼ਨ ਦੇ ਅੰਤ ਵਿਚ ਫਿਰ ਅਧਿਆਪਕਾਂ ਤੋਂ ਚੰਗੇ ਨਤੀਜਿਆਂ ਦੀ ਮੰਗ ਕੀਤੀ ਜਾਂਦੀ ਹੈ | ਇਸ ਵਿਭਾਗੀ ਚੱਕੀ ਦੇ ਵਿਚ ਪਿਸਦੇ ਅਧਿਆਪਕਾਂ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਕਦੇ ਵੀ ਆਵਾਜ਼ ਬਣ ਕੇ ਨਹੀਂ ਉੱਭਰਦੇ ਸਗੋਂ ਆਪਣੀ ਕੁਰਸੀ ਸਾਂਭਣ ਲਈ ਸਰਕਾਰ ਦੀ ਹਾਂ ਵਿਚ ਹਾਂ ਮਿਲਾਉਣ ਨੂੰ ਤਰਜੀਹ ਦਿੰਦੇ ਹਨ | ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਜਨਗਣਨਾ ਵਿਚ ਅਧਿਆਪਕਾਂ ਦੀ 20-25 ਕਿੱਲੋਮੀਟਰ ਦੂਰ ਲੱਗਦੀਆਂ ਡਿਊਟੀਆਂ ਹੋਣ ਅਤੇ ਅਧਿਆਪਕਾਂ ਨੂੰ ਸਕੂਲ ਸਮੇਂ ਤੋਂ ਬਾਅਦ ਕੰਮ ਕਰਨ ਲਈ ਆਖਿਆ ਜਾਂਦਾ ਹੈ ਜਦੋਂ ਕਿ ਉਨ੍ਹਾਂ ਨੂੰ ਉਕਤ ਥਾਂ ਉੱਤੇ ਪੁੱਜਣ ਲਈ ਇਕ ਘੰਟਾ ਜਾਣ ਅਤੇ ਇਕ ਘੰਟਾ ਆਉਣ ਨੂੰ ਲੱਗਦਾ ਹੋਵੇ | ਇਸ ਦੇ ਉਲਟ ਅਧਿਆਪਕਾਂ ਦਾ ਕਹਿਣਾ ਹੈ ਕਿ ਸਾਡੀਆਂ ਡਿਊਟੀਆਂ ਜੇਕਰ ਨੇੜੇ ਲਗਾਈਆਂ ਜਾਂਦੀਆਂ ਤਾਂ ਜਿੱਥੇ ਕੰਮ ਜਲਦੀ ਖ਼ਤਮ ਹੁੰਦਾ ਉੱਥੇ ਹੀ ਇਸ ਨਾਲ ਉਨ੍ਹਾਂ ਨੂੰ ਵੀ ਰਾਹਤ ਮਿਲਦੀ |