ਭਾਦਸੋਂ, 19 ਮਈ (ਪ੍ਰਦੀਪ ਦੰਦਰਾਲਾ)-ਹਰ ਸਾਲ ਦੀ ਤਰਾਂ ਕਲਗੀਧਰ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਮੂੰਗੋ ਦੇ ਵਿਦਿਆਰਥੀਆਂ ਨੇ ਇਸ ਸਾਲ ਵੀ ਸੀ.ਬੀ.ਐਸ.ਈ. ਦੁਆਰਾ ਐਲਾਨੇ ਗਏ ਨਤੀਜਿਆਂ ਵਿਚ ਸ਼ਾਨਦਾਰ ਅੰਕ ਹਾਸਲ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ | ਇਸ ਸਾਲ ਦਸਵੀਂ ਅਤੇ ਬਾਰਵੀਂ ਦਾ ਨਤੀਜਾ ਸੌ ਫੀਸਦੀ ਰਿਹਾ | ਬਾਰਵੀਂ ਜਮਾਤ ਵਿਚੋਂ ਅਮਨਜੋਤ ਕੌਰ ਨੇ ਕਾਮਰਸ ਵਿਚੋਂ 96.4 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ | ਸਿਮਰਨ ਕੌਰ ਨੇ ਮੈਡੀਕਲ ਵਿਚੋਂ 91ਫੀਸਦੀ ਅੰਕ ਹਾਸਿਲ ਕਰਕੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਗੁਰਨੀਤ ਕੌਰ ਨੇ ਕਾਮਰਸ ਵਿਚੋਂ 88.4 ਫੀਸਦੀ ਅੰਕ ਹਾਸਿਲ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰਾਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚੋਂ ਹਰਮੀਤ ਮਹਿਰਾ ਨੇ 94 ਫੀਸਦੀ ਅੰਕ ਹਾਸਿਲ ਕਰਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ | ਇਸ ਦੇ ਨਾਲ ਹੀ ਮਿਹਰ ਕੌਰ ਨੇ 90 ਫੀਸਦੀ ਅੰਕ ਹਾਸਿਲ ਕਰਕੇ ਦੂਸਰਾ ਸਥਾਨ ਹਾਸਿਲ ਕੀਤਾ | ਇਸ ਦੇ ਨਾਲ ਹੀ ਮਨਸਹਿਜਪ੍ਰੀਤ ਕੌਰ ਅਤੇ ਹੁਸਨਪ੍ਰੀਤ ਬਾਵਾ ਨੇ 88 ਅੰਕ ਹਾਸਿਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਬਾਕੀ ਵਿਦਿਆਰਥੀਆਂ ਵਧੀਆ ਅੰਕ ਹਾਸਲ ਕੀਤੇ | ਇਸ ਤਰਾਂ ਵਿਦਿਆਰਥੀਆਂ ਨੇ ਆਪਣੇ ਸਕੂਲ ਦੇ ਅਧਿਆਪਕਾਂ ਦੇ ਨਾਲ ਨਾਲ ਮਾਪਿਆਂ ਦਾ ਨਾਂ ਵੀ ਰੌਸ਼ਨ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਅਮਨਦੀਪ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਮਿਹਨਤੀ ਸਟਾਫ ਦੀ ਸ਼ਲਾਘਾ ਵੀ ਕੀਤੀ, ਜਿਨਾਂ ਨੇ ਸਖਤ ਮਿਹਨਤ ਕਰਕੇ ਸਕੂਲ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ | ਇਸ ਮੌਕੇ ਸਕੂਲ ਦੇ ਚੇਅਰਮੈਨ ਰਵਿੰਦਰ ਸਿੰਘ ਨੇ ਵੀ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰਾਂ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |