03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ-ਡਾ. ਰੋਹਟਾ

ਅਜੀਤ ਡੈਸਕ 20-05-2026
ਫ਼ਤਹਿਗੜ੍ਹ ਸਾਹਿਬ, 19 ਮਈ (ਮਨਪ੍ਰੀਤ ਸਿੰਘ)-ਦਿ ਹਿਊਮਨ ਰਾਈਟਸ ਐਂਡ ਐਂਟੀ ਕਰੱਪਸ਼ਨ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਡਾ. ਐਮ.ਐਸ. ਰੋਹਟਾ ਨੇ ਕਿਹਾ ਕਿ ਦੇਸ਼ ਭਰ ਵਿਚ ਹੋਣ ਵਾਲੀ ਨੀਟ ਪ੍ਰੀਖਿਆ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੀ ਹੋਈ ਹੈ | ਇਹ ਪ੍ਰੀਖਿਆ ਵਿਦਿਆਰਥੀਆਂ ਦੀ ਮਿਹਨਤ, ਯੋਗਤਾ ਅਤੇ ਭਵਿੱਖ ਦੇ ਸੁਪਨਿਆਂ ਦਾ ਅਹਿਮ ਮਾਪਦੰਡ ਹੈ, ਪਰ ਹਾਲ ਹੀ ਵਿਚ ਸਾਹਮਣੇ ਆਏ ਨੀਟ ਪੇਪਰ ਲੀਕ ਮਾਮਲੇ ਨੇ ਪੂਰੇ ਸਿੱਖਿਆ ਪ੍ਰਣਾਲੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਇਸ ਘਟਨਾ ਨੇ ਨਾ ਸਿਰਫ਼ ਪ੍ਰੀਖਿਆ ਪ੍ਰਣਾਲੀ ਦੀ ਪਾਰਦਰਸ਼ਤਾ 'ਤੇ ਸਵਾਲ ਖੜੇ੍ਹ ਕੀਤੇ ਹਨ, ਸਗੋਂ ਮਿਹਨਤੀ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਦੇ ਭਰੋਸੇ ਨੂੰ ਵੀ ਢਾਹ ਲਗਾਈ ਹੈ | ਨੀਟ ਵਰਗੀ ਮਹੱਤਵਪੂਰਨ ਪ੍ਰੀਖਿਆ ਦਾ ਪੇਪਰ ਲੀਕ ਹੋਣਾ ਬਹੁਤ ਹੀ ਗੰਭੀਰ ਅਤੇ ਨਿੰਦਣਯੋਗ ਮਾਮਲਾ ਹੈ | ਇਹ ਸਿਰਫ਼ ਇਕ ਕਾਨੂੰਨੀ ਉਲੰਘਣਾ ਨਹੀਂ, ਸਗੋਂ ਉਨਾਂ ਲੱਖਾਂ ਵਿਦਿਆਰਥੀਆਂ ਦੀ ਮਿਹਨਤ ਨਾਲ ਧੋਖਾ ਹੈ, ਜੋ ਦਿਨ-ਰਾਤ ਇਕ ਕਰਕੇ ਆਪਣੀ ਤਿਆਰੀ ਕਰਦੇ ਹਨ | ਉਨਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਸ਼ਾਮਿਲ ਹਰ ਇਕ ਦੋਸ਼ੀ ਖ਼ਿਲਾਫ਼ ਬਿਨਾਂ ਕਿਸੇ ਰਿਆਇਤ ਦੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿਚ ਕੋਈ ਵੀ ਅਜਿਹਾ ਗ਼ਲਤ ਕਦਮ ਚੁੱਕਣ ਦੀ ਹਿੰਮਤ ਨਾ ਕਰ ਸਕੇ | ਉਨਾਂ ਕਿਹਾ ਕਿ ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਤੇਜ਼ ਜਾਂਚ ਕਰਕੇ ਸਾਰੇ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾਵੇ | ਇਸ ਦੇ ਨਾਲ-ਨਾਲ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਲਈ ਕੜੇ ਪ੍ਰਬੰਧ ਕੀਤੇ ਜਾਣ ਅਤੇ ਪੇਪਰ ਸੈਟਿੰਗ ਤੋਂ ਲੈ ਕੇ ਪ੍ਰੀਖਿਆ ਕੇਂਦਰਾਂ ਤੱਕ ਹਰ ਪੱਧਰ 'ਤੇ ਨਿਗਰਾਨੀ ਅਤੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ |
ਪਿਛਲੀ ਖ਼ਬਰ ਡਾ. ਉਰਮਿਲ ਵਰਮਾ ਦਾ ਭਾਰਤ ਸਿੱਖਿਆ ਅਕਸਪੋ ਮੌਕੇ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਤੇਲ ਕੀਮਤਾਂ ਵਿਚ ਵਾਧੇ ਨਾਲ ਕਿਸਾਨਾਂ ਤੇ ਆਮ ਲੋਕਾਂ 'ਤੇ ਪਿਆ ਵੱਡਾ ਆਰਥਿਕ ਬੋਝ-ਗੁਰਦੀਪ ਜੰਜੂਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।