02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਜ਼ਿਲ੍ਹੇ 'ਚ ਆਮ ਆਦਮੀ ਪਾਰਟੀ ਦੇ ਲੋਕ ਪੱਖੀ ਕੰਮਾਂ 'ਤੇ ਜਨਤਾ ਨੇ ਲਾਈ ਮੋਹਰ

ਅਜੀਤ ਡੈਸਕ 30-05-2026
ਪਟਿਆਲਾ, 29 ਮਈ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਦਾ ਜੇਤੂ ਰਥ ਰਫ਼ਤਾਰ ਫੜ ਰਿਹਾ ਹੈ | ਜਿਸ ਤਹਿਤ ਪਟਿਆਲਾ ਜ਼ਿਲ੍ਹੇ ਦੇ ਨਗਰ ਕੌਂਸਲ ਰਾਜਪੁਰਾ ਕੁੱਲ 31 ਸੀਟਾਂ, ਨਾਭਾ ਕੌਂਸਲ ਦੀਆਂ 23 ਸੀਟਾਂ, ਸਮਾਣਾ ਦੀਆਂ 21, ਪਾਤੜਾਂ ਦੀਆਂ 17 ਤੇ ਬਨੂੜ ਦੀਆਂ 13 ਸੀਟਾਂ ਜਿਹੜੀਆਂ ਕਿ ਕੁੱਲ 105 ਸੀਟਾਂ ਬਣਦੀਆਂ ਹਨ ਜਿਨ੍ਹਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 51 ਸੀਟਾਂ 'ਤੇ ਜਿੱਤ ਹਾਸਲ ਕਰ ਲਈ ਹੈ | ਸਭ ਤੋਂ ਚੰਗਾ ਪ੍ਰਦਰਸ਼ਨ ਬਨੂੜ 'ਚ 'ਆਪ' ਦਾ ਰਿਹਾ ਜਿੱਥੇ 13 ਸੀਟਾਂ 'ਚੋਂ 10 ਸੀਟਾਂ 'ਆਪ' ਦੀਆਂ ਝੋਲੀ ਪਈਆਂ | ਦੂਜੇ ਨੰਬਰ 'ਤੇ ਸਮਾਣਾ 21 ਸੀਟਾਂ 'ਚੋਂ 13 'ਆਪ' ਨੂੰ ਮਿਲੀਆਂ ਹਨ, ਨਾਭਾ 'ਚ 23 'ਚੋਂ 11, ਪਾਤੜਾਂ 'ਚ 17 'ਚੋਂ 10 ਅਤੇ ਰਾਜਪੁਰਾ 'ਚ ਪਾਰਟੀ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਜਿੱਥੇ 31 ਸੀਟਾਂ 'ਚ 7 ਸੀਟਾਂ ਹੀ ਜਿੱਤ ਸਕੇ ਹਨ |
ਇਸ ਸੰਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਚੋਣਾਂ ਤੋਂ ਹਰ ਇਕ ਵਿਅਕਤੀ ਅੰਦਾਜ਼ਾ ਲਗਾ ਸਕਦਾ ਹੈ ਕਿ ਪੰਜਾਬ 'ਚ ਕੋਈ ਵਿਰੋਧੀ ਧਿਰ ਨਹੀਂ ਹੈ | ਸਿਰਫ਼ ਕੁੱਝ ਕੁ ਕੱਟੜ ਵਿਅਕਤੀ ਹਨ ਜਿਹੜੇ ਕਿ ਕਈ ਦਹਾਕਿਆਂ ਤੋਂ ਇੱਕੋ ਪਾਰਟੀ ਨਾਲ ਬਿਨਾਂ ਸੋਚੇ ਸਮਝੇ ਜੁੜੇ ਹੋਏ ਹਨ ਪਰ ਹੁਣ ਸਮਾਂ ਬਦਲਾਅ ਦਾ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਲੋਕਾਂ 'ਚ ਲੈ ਕੇ ਆਈ ਹੈ | ਜਿਹੜੇ ਲੋਕੀਂ ਆਮ ਆਦਮੀ ਪਾਰਟੀ ਨੂੰ ਨਿੰਦਦੇ ਸੀ ਉਨ੍ਹਾਂ ਨੂੰ ਅੱਜ ਪੰਜਾਬ ਤੇ ਪਟਿਆਲਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿੱਤ ਦਾ ਫ਼ਤਵਾ ਦੇ ਕੇ ਜਵਾਬ ਦੇ ਦਿੱਤਾ ਹੈ | ਉਨ੍ਹਾਂ ਕਿਹਾ ਕਿ 2027 'ਚ ਵੀ ਆਮ ਆਦਮੀ ਪਾਰਟੀ 100 ਤੋਂ ਵਧ ਸੀਟਾਂ ਜਿੱਤ ਕੇ ਮੁੜ ਤੋਂ ਆਪਣੀ ਸਰਕਾਰ ਬਣਾਏਗੀ |
ਇਸ ਸੰਬੰਧੀ 'ਆਪ' ਆਗੂ ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਜਿਸ 'ਚ ਹਰ ਇਕ ਪਰਿਵਾਰ ਨੂੰ 10 ਲੱਖ ਰੁਪਏ ਦਾ ਬੀਮਾ, 12ਵੀਂ ਤੱਕ ਪੜ੍ਹਾਈ ਮੁਫ਼ਤ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ, ਖੇਤਾਂ ਨੂੰ ਨਹਿਰੀ ਪਾਣੀ, ਬੱਸ ਸਫ਼ਰ ਮੁਫ਼ਤ, ਜ਼ਿਆਦਾਤਰ ਸਰਕਾਰੀ ਅਦਾਰਿਆਂ ਦੇ ਕੰਮਾਂ 'ਚ ਲੋਕਾਂ ਦੀ ਖੱਜਲ ਖ਼ੁਆਰੀ ਘਟਾਉਣ ਦੀ ਇਤਿਹਾਸਕ ਕਾਰਵਾਈ ਨੂੰ ਦੇਖਦੇ ਹੋਏ ਜ਼ਿਲ੍ਹਾ ਵਾਸੀਆਂ ਨੂੰ ਆਪਮੁਹਾਰੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਇਆ | ਜਿਸ ਤੋਂ ਸਿੱਧ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਅਤੇ ਜ਼ਿਲ੍ਹੇ ਦੇ ਸ਼ਹਿਰਾਂ ਅਤੇ ਕਸਬਿਆਂ 'ਚ ਵੀ ਆਮ ਆਦਮੀ ਦਾ ਵੋਟ ਬੈਂਕ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਨ ਵਾਲੇ ਵਿਅਕਤੀਆਂ ਨੂੰ ਖ਼ੁਦ ਵੋਟਰਾਂ ਨੇ ਜਵਾਬ ਦੇ ਦਿੱਤਾ ਹੈ ਕਿ ਉਹ ਹਮੇਸ਼ਾ ਕੰਮ ਕਰਨ ਵਾਲੀ ਪਾਰਟੀ ਦੇ ਨਾਲ ਖੜ੍ਹਦੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਲੋਕੀਂ ਰਵਾਇਤੀ ਪਾਰਟੀਆਂ ਨੂੰ ਨਕਾਰਨ ਦੇ ਨਾਲ ਮੁੱਖ ਮੰਤਰੀ ਮਾਨ ਦੀ ਅਗਾਂਹਵਧੂ ਸੋਚ ਨਾਲ ਲੋਕੀਂ ਆਪਮੁਹਾਰੇ ਜੁੜ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਅੱਗੇ ਆ ਰਹੇ ਹਨ | ਸ. ਰੱਖੜਾ ਨੇ ਸਮਾਣਾ ਵਾਸੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਉਨ੍ਹਾਂ ਨੇ 'ਆਪ' ਸਰਕਾਰ ਦੇ ਨਾਲ ਨਾਲ ਰੱਖੜਾ ਪਰਿਵਾਰ 'ਤੇ ਐਨਾ ਭਰੋਸਾ ਕਰਨ ਲਈ ਸਦਾ ਅਹਿਸਾਨਮੰਦ ਰਹਿਣਗੇ |
ਪਿਛਲੀ ਖ਼ਬਰ ਨਗਰ ਕੌਂਸਲ ਪਾਤੜਾਂ ਦੇ ਚੋਣ ਨਤੀਜਿਆਂ 'ਚ ਆਮ ਆਦਮੀ ਪਾਰਟੀ ਦੀ ਹੂੰਝਾ ਫਿਰ ਜਿੱਤ ਅਗਲੀ ਖ਼ਬਰ ਨਗਰ ਕੌਂਸਲ ਨਾਭਾ 'ਚ ਸਤਾ ਧਿਰ ਨੇ ਕੀਤਾ 11 ਵਾਰਡਾਂ 'ਤੇ ਕਬਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।