01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸੱਤ ਮਹੀਨਿਆਂ ਤੋਂ ਚੌਕੀਦਾਰਾਂ ਨੂੰ ਨਹੀਂ ਮਿਲਿਆ ਮਾਣ ਭੱਤਾ, ਵੈੱਲਫੇਅਰ ਸੁਸਾਇਟੀ ਵਲੋਂ ਮੁੱਖ ਮੰਤਰੀ ਨੂੰ ਲਿਖਿਆਂ ਪੱਤਰ

ਅਜੀਤ ਡੈਸਕ 30-05-2026
ਭੁੱਨਰਹੇੜੀ, 29 ਮਈ (ਧਨਵੰਤ ਸਿੰਘ)-ਪੰਜਾਬ ਰਾਜ ਅੰਦਰ ਪੇਂਡੂ ਚੌਕੀਦਾਰਾਂ ਨੂੰ ਮਾਲ ਵਿਭਾਗ ਵੱਲੋਂ ਪ੍ਰਤੀ ਮਹੀਨਾ ਮਾਣ ਭੱਤਾ ਤੌਰ 'ਤੇ ਰਕਮ ਦਿੱਤੀ ਜਾਂਦੀ ਹੈ, ਪਰ ਪਿਛਲੇ ਸੱਤ ਮਹੀਨਿਆਂ ਤੋਂ ਇਹ ਭੁਗਤਾਨ ਨਾ ਹੋਣ ਕਾਰਨ ਚੌਕੀਦਾਰ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ | ਚੌਕੀਦਾਰ ਵੈਲਫੇਅਰ ਸੁਸਾਇਟੀ ਦੇ ਆਗੂਆਂ ਨੇ ਜ਼ਿਲ੍ਹਾ ਮਾਲ ਅਫ਼ਸਰ ਪਟਿਆਲਾ ਨਾਲ ਮੁਲਾਕਾਤ ਕਰਕੇ ਆਪਣੇ ਦੁੱਖ-ਦਰਦ ਸਾਂਝੇ ਕੀਤੇ | ਇਸ ਮੌਕੇ ਵੈਲਫੇਅਰ ਸੁਸਾਇਟੀ ਦੇ ਆਗੂ ਅਮਰਜੀਤ ਸਿੰਘ ਜਾਗਦੇ ਰਹੋ ਨੇ ਕਿਹਾ ਕਿ ਇੱਕ ਪਾਸੇ ਚੌਕੀਦਾਰਾਂ ਨੂੰ ਪਹਿਲਾਂ ਹੀ ਸਿਰਫ਼ 1200 ਤੋਂ 1500 ਰੁਪਏ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਂਦਾ ਹੈ, ਜੋ ਕਿ ਮੌਜੂਦਾ ਮਹਿੰਗਾਈ ਦੇ ਹਿਸਾਬ ਨਾਲ ਬਹੁਤ ਘੱਟ ਹੈ, ਉੱਥੇ ਹੀ ਇਹ ਰਕਮ ਵੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ | ਉਨ੍ਹਾਂ ਦੱਸਿਆ ਕਿ ਪਿਛਲੇ ਸੱਤ ਮਹੀਨਿਆਂ ਤੋਂ ਸਰਕਾਰ ਵਲੋਂ ਫੰਡ ਜਾਰੀ ਨਾ ਹੋਣ ਕਾਰਨ ਚੌਕੀਦਾਰਾਂ ਨੂੰ ਕੋਈ ਭੁਗਤਾਨ ਨਹੀਂ ਮਿਲਿਆ, ਜਿਸ ਨਾਲ ਉਨ੍ਹਾਂ ਦੇ ਘਰਾਂ ਵਿਚ ਗੰਭੀਰ ਆਰਥਿਕ ਤੰਗੀ ਪੈਦਾ ਹੋ ਗਈ ਹੈ | ਘਰੇਲੂ ਖਰਚੇ ਪੂਰੇ ਕਰਨ ਲਈ ਕਈ ਚੌਕੀਦਾਰ ਕਰਜ਼ਾ ਲੈਣ 'ਤੇ ਮਜਬੂਰ ਹੋ ਰਹੇ ਹਨ | ਸੁਸਾਇਟੀ ਵਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋ ਇੰਚਾਰਜ ਰਣਜੋਧ ਸਿੰਘ ਹਡਾਣਾ ਰਾਹੀ ਭੇਜਿਆ ਗਿਆ ਹੈ | ਪੱਤਰ ਵਿਚ ਦਰਸਾਇਆ ਗਿਆ ਹੈ ਕਿ ਪੇਂਡੂ ਚੌਕੀਦਾਰ 24 ਘੰਟੇ ਡਿਊਟੀ ਨਿਭਾਉਂਦੇ ਹਨ, ਪਰ ਨਾ ਹੀ ਉਨ੍ਹਾਂ ਨੂੰ ਢੁਕਵੀਂ ਤਨਖਾਹ ਮਿਲ ਰਹੀ ਹੈ ਅਤੇ ਨਾ ਹੀ ਸਮੇਂ 'ਤੇ ਭੁਗਤਾਨ ਕੀਤਾ ਜਾ ਰਿਹਾ ਹੈ | ਸੁਸਾਇਟੀ ਦੇ ਪ੍ਰਤੀਨਿਧੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੌਕੀਦਾਰਾਂ ਦੀ ਬਕਾਇਆ ਰਕਮ ਤੁਰੰਤ ਜਾਰੀ ਕੀਤੀ ਜਾਵੇ ਅਤੇ ਉਨ੍ਹਾਂ ਦੀ ਤਨਖਾਹ ਸਰਕਾਰੀ ਮੁਲਾਜਮਾਂ ਦੀ ਤਰਜ਼ 'ਤੇ ਨਿਰਧਾਰਤ ਕੀਤੀ ਜਾਵੇ | ਇਸ ਮੌਕੇ ਮੰਗ ਪੱਤਰ 'ਤੇ ਅਮਰਜੀਤ ਸਿੰਘ ਜਾਗਦੇ ਰਹੋ, ਅਵਤਾਰ ਸਿੰਘ ਅਤੇ ਗੁਰਚਰਨ ਸਿੰਘ ਭੁੱਨਰਹੇੜੀ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਨਾਭਾ ਦੀਆਂ ਚੋਣਾਂ 'ਚ ਭਾਜਪਾ ਦੇ 3 ਅਤੇ ਸ਼੍ਰੋਮਣੀ ਅਕਾਲੀ ਦਲ ਦੇ 2 ਉਮੀਦਵਾਰਾਂ ਨੇ ਕੀਤੀ ਜਿੱਤ ਹਾਸਿਲ ਅਗਲੀ ਖ਼ਬਰ ਪਟਿਆਲਾ 'ਚ ਹੜ੍ਹ ਵਰਗੀ ਸਥਿਤੀ ਨਹੀਂ ਬਣਨ ਦਿੱਤੀ ਜਾਵੇਗੀ-ਡਾ. ਬਲਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।