30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਤਿੰਨ ਮਹੀਨੇ ਪਹਿਲਾਂ ਤੋਂ ਮੁਅੱਤਲ ਸਰਪੰਚ ਦੀ ਚਲਦੀ ਰਹੀ 'ਸਰਦਾਰੀ'

ਅਜੀਤ ਡੈਸਕ 04-06-2026
ਭੁੱਨਰਹੇੜੀ, 3 ਜੂਨ (ਧਨਵੰਤ ਸਿੰਘ)-ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਸਪਸ਼ਟ ਹੁਕਮਾਂ ਦੇ ਬਾਵਜੂਦ ਇਕ ਮੁਅੱਤਲ ਸਰਪੰਚ ਵਲੋਂ ਲਗਭਗ ਤਿੰਨ ਮਹੀਨੇ ਤੱਕ ਪੰਚਾਇਤ ਦੀ ਕਮਾਨ ਸੰਭਾਲੀ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ | ਗਰਾਮ ਪੰਚਾਇਤ ਪਿੰਡ ਭੁੱਨਰਹੇੜੀ ਦੇ ਵਸਨੀਕ ਬਲਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵੱਲੋਂ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਕਬਜ਼ੇ ਕੀਤੇ ਜਾਣ ਸੰਬੰਧੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਸੀ | ਜਿਸ ਉੱਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀਡੀਪੀਓ) ਪਟਿਆਲਾ ਵਲੋਂ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20(4) ਤਹਿਤ ਸਰਪੰਚ ਵਕੀਲ ਮਸਾਲ ਨੂੰ ਮੁਅੱਤਲ ਕਰ ਦਿੱਤਾ ਸੀ | ਹਾਲਾਂਕਿ ਸਰਪੰਚ ਵਲੋਂ ਕੀਤੀ ਗਈ ਅਪੀਲ 'ਤੇ ਕੁੱਝ ਸਮਾਂ ਰਾਹਤ ਮਿਲੀ ਪਰ 11 ਫਰਵਰੀ 2026 ਤੋਂ ਦੁਬਾਰਾ ਮੁਅੱਤਲੀ ਦੇ ਹੁਕਮ ਜਾਰੀ ਹੋ ਗਏ ਸਨ | ਸ਼ਿਕਾਇਤਕਰਤਾ ਬਲਵਿੰਦਰ ਸਿੰਘ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਪੰਚ ਵਕੀਲ ਮਸਾਲ ਮੁਅੱਤਲ ਹੋਣ ਦੇ ਬਾਵਜੂਦ 1 ਜੂਨ 2026 ਤੱਕ ਲਗਾਤਾਰ ਪੰਚਾਇਤ ਦੇ ਕੰਮਕਾਜ ਕਰਦਾ ਰਿਹਾ ਜੋ ਤਕਰੀਬਨ ਤਿੰਨ ਮਹੀਨੇ ਤੱਕ ਅਹੁਦੇ ਦੀ ਦੁਰਵਰਤੋਂ ਕਰਦਾ ਰਿਹਾ | ਸ਼ਿਕਾਇਤਕਰਤਾ ਨੇ ਕਿਹਾ ਕਿ ਪਿੰਡ ਦੇ ਸਰਪੰਚ ਵਲੋਂ ਬਹੁਤ ਸਾਰੇ ਲੋਕਾਂ ਨੂੰ ਪੰਚਾਇਤੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ੇ ਕਰਵਾ ਦਿੱਤੇ ਹਨ | ਉਨ੍ਹਾਂ ਕਿਹਾ ਕਿ ਬੀ.ਡੀ.ਪੀ.ਓ. ਦਫ਼ਤਰ ਵਲੋਂ ਇਸ ਮਾਮਲੇ ਨੂੰ ਜਾਣਬੁੱਝ ਕੇ ਅਣਦੇਖਾ ਕੀਤਾ ਗਿਆ ਹੈ | ਉਨ੍ਹਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਬੀਡੀਪੀਓ ਭੁੱਨਰਹੇੜੀ 'ਤੇ ਮਿਲੀਭੁਗਤ ਦੇ ਦੋਸ਼ ਵੀ ਲਗਾਏ | ਉੱਧਰ, ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਲੋਂ ਡੀ.ਡੀ.ਪੀ.ਓ. ਪਟਿਆਲਾ ਦੇ ਮੁਅੱਤਲੀ ਸੰਬੰਧੀ ਹੁਕਮਾਂ ਨੂੰ ਬਰਕਰਾਰ ਰੱਖਦੇ ਹੋਏ ਸਰਪੰਚ ਨੂੰ ਮੁਅੱਤਲ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ | ਹੁਣ ਬੀ.ਡੀ.ਪੀ.ਓ. ਭੁੱਨਰਹੇੜੀ ਵਲੋਂ ਇਨ੍ਹਾਂ ਹੁਕਮਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਜਿਸ ਤੋਂ ਬਾਅਦ ਗਰਾਮ ਪੰਚਾਇਤ ਪਿੰਡ ਭੁੱਨਰਹੇੜੀ ਦੇ ਬੈਂਕ ਖਾਤਿਆਂ ਨੂੰ ਫਰੀਜ਼ ਕਰ ਸਰਪੰਚ ਨੂੰ ਰਿਕਾਰਡ ਜਮਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਸ ਸਮੇਂ ਦੌਰਾਨ ਦੌਰਾਨ ਹੋਏ ਖ਼ਰਚ ਅਤੇ ਕੰਮਾਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ |
ਇਸ ਮਾਮਲੇ ਬਾਰੇ ਪੁੱਛਣ 'ਤੇ ਬੀ.ਡੀ.ਪੀ.ਓ. ਭੁੱਨਰਹੇੜੀ ਸੰਦੀਪ ਸਿੰਘ ਨੇ ਕਿਹਾ ਕਿ ਮੁਅੱਤਲੀ ਦੇ ਹੁਕਮਾਂ ਦੀ ਕਾਪੀ ਮਿਲਦੇ ਹੀ ਕਾਰਵਾਈ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਪੰਚਾਇਤ ਸਕੱਤਰ ਨੂੰ ਰਿਕਾਰਡ ਵਾਪਸ ਜਮਾਂ ਕਰਵਾਉਣ ਲਈ ਪੱਤਰ ਜਾਰੀ ਕੀਤਾ ਗਿਆ ਹੈ ਅਤੇ ਸਰਪੰਚ ਵਲੋਂ ਖ਼ਰਚ ਕੀਤੇ ਫ਼ੰਡਾਂ ਨੂੰ ਖੰਘਾਲਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅਗਲੇ ਪ੍ਰਬੰਧ ਲਈ ਜਲਦ ਹੀ ਪ੍ਰਬੰਧਕ ਲਗਾ ਦਿੱਤਾ ਜਾਵੇਗਾ ਜਾਂ ਪੰਚ ਅਧਿਕਾਰ ਨਿਯੁਕਤ ਕੀਤਾ ਜਾਵੇਗਾ | ਪੰਚਾਇਤੀ ਜ਼ਮੀਨ 'ਤੇ ਕਬਜ਼ਿਆਂ ਸੰਬੰਧੀ ਉਨ੍ਹਾਂ ਕਿਹਾ ਕਿ ਇਸ ਦੀ ਨਿਸ਼ਾਨਦੇਹੀ ਲਈ ਮਾਲ ਵਿਭਾਗ ਨੂੰ ਪੱਤਰ ਲਿਖ ਕੇ ਨਜਾਇਜ਼ ਕਬਜ਼ੇ ਹਟਵਾ ਦਿੱਤੇ ਜਾਣਗੇ |
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਨੇ ਰਾਏਪੁਰ ਰਾਈਆਂ ਵਿਖੇ ਨਵਾਂ ਬਾਲ ਸੰਸਕਾਰ ਕੇਂਦਰ ਖੋਲਿ੍ਹਆ ਅਗਲੀ ਖ਼ਬਰ ਏ.ਡੀ.ਸੀ. ਨੇ ਐਸ.ਆਈ.ਆਰ. ਦੇ ਰਿਵਾਈਜ਼ਡ ਸ਼ਡਿਊਲ ਦੀ ਜਾਣਕਾਰੀ ਕੀਤੀ ਸਾਂਝੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।