25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪਿੰਡ ਕਛਵਾ 'ਚ ਸ਼ਾਮਲਾਤ ਜ਼ਮੀਨ ਦੀ ਕੀਤੀ ਬੋਲੀ 43 ਏਕੜ ਜ਼ਮੀਨ ਦੀ ਬੋਲੀ ਬਾਰੇ ਫ਼ੈਸਲਾ ਰਾਖਵਾਂ-ਮਹਿੰਦਰ ਜੀਤ ਸਿੰਘ

ਅਜੀਤ ਡੈਸਕ 06-06-2026
ਦੇਵੀਗੜ੍ਹ, 5 ਜੂਨ (ਰਾਜਿੰਦਰ ਸਿੰਘ ਮੌਜੀ)-ਪਿੰਡ ਕਛਵਾ ਵਿਖੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀ.ਡੀ.ਪੀ.ਓ.) ਮਹਿੰਦਰ ਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਦੀ ਸ਼ਾਮਲਾਤ ਜ਼ਮੀਨ ਦੀ ਸਾਲਾਨਾ ਬੋਲੀ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ | ਇਸ ਮੌਕੇ ਪਿੰਡ ਦੇ ਸਰਪੰਚ ਮਨਪ੍ਰੀਤ ਕੌਰ ਅਤੇ ਸਮੂਹ ਪੰਚਾਇਤ ਮੈਂਬਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਬੋਲੀ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਡੀ.ਪੀ.ਓ. ਮਹਿੰਦਰ ਜੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਸ਼ਾਮਲਾਤ ਜ਼ਮੀਨ ਦੀ ਬੋਲੀ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਉਨ੍ਹਾਂ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਇਹ ਸਾਰੀ ਕਾਰਵਾਈ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਸਿਰੇ ਚੜ੍ਹੀ ਹੈ | ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਦੀ ਬੋਲੀ ਤੋਂ ਪ੍ਰਾਪਤ ਹੋਣ ਵਾਲਾ ਫ਼ੰਡ ਪਿੰਡ ਦੇ ਵਿਕਾਸ ਕਾਰਜਾਂ ਵਿਚ ਖ਼ਰਚਿਆ ਜਾਵੇਗਾ | ਪਿੰਡ ਦੀ ਚਰਚਿਤ 43 ਏਕੜ ਸ਼ਾਮਲਾਤ ਜ਼ਮੀਨ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਡੀ.ਡੀ.ਪੀ.ਓ. ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪ੍ਰਸ਼ਾਸਨ ਵਲੋਂ ਇਸ ਜ਼ਮੀਨ ਦਾ ਕਬਜਾ ਲਿਆ ਗਿਆ ਸੀ | ਅੱਜ ਜਦੋਂ ਇਸ ਜ਼ਮੀਨ ਦੇ ਕੁਝ ਪਲਾਟਾਂ ਦੀ ਬੋਲੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ 'ਤੇ ਮੌਜੂਦ ਕੁਝ ਵਿਅਕਤੀਆਂ ਵਲੋਂ ਇਸ 'ਤੇ ਇਤਰਾਜ਼ ਜਤਾਇਆ ਗਿਆ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੈ | ਇਸ ਸੰਬੰਧੀ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨਾ ਸਾਡੀ ਪ੍ਰਾਥਮਿਕਤਾ ਹੈ | 43 ਏਕੜ ਜ਼ਮੀਨ ਵਾਲੇ ਮਾਮਲੇ ਵਿਚ ਕੁਝ ਕਾਗ਼ਜ਼ਾਤ ਪ੍ਰਕਿਰਿਆ ਅਤੇ ਤਕਨੀਕੀ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ | ਇਨ੍ਹਾਂ ਕਾਗ਼ਜ਼ਾਤਾਂ ਦੀ ਪੂਰੀ ਪੜਤਾਲ ਅਤੇ ਕਾਨੂੰਨੀ ਨਿਯਮਾਂ ਨੂੰ ਘੋਖਣ ਤੋਂ ਬਾਅਦ, ਬਹੁਤ ਜਲਦੀ ਹੀ ਇਸ ਜ਼ਮੀਨ ਦੀ ਬੋਲੀ ਵੀ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਕਰਵਾਈ ਜਾਵੇਗੀ | ਕਿਸੇ ਨੂੰ ਵੀ ਨਿਯਮਾਂ ਤੋਂ ਬਾਹਰ ਜਾ ਕੇ ਕੰਮ ਨਹੀਂ ਕਰਨ ਦਿੱਤਾ ਜਾਵੇਗਾ |
ਇਸ ਮੌਕੇ ਸਰਪੰਚ ਮਨਪ੍ਰੀਤ ਕੌਰ ਨੇ ਕਿਹਾ ਕਿ ਪਿੰਡ ਦੇ ਸਰਬਪੱਖੀ ਵਿਕਾਸ ਲਈ ਸ਼ਾਮਲਾਤ ਜ਼ਮੀਨ ਦੀ ਬੋਲੀ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਚਾਇਤ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਬਾਕੀ ਰਹਿੰਦੀ ਜ਼ਮੀਨ ਦੀ ਬੋਲੀ ਵੀ ਸਹਿਮਤੀ ਨਾਲ ਕਰਵਾ ਲਈ ਜਾਵੇਗੀ | ਇਸ ਮੌਕੇ ਬੀਡੀਪੀਓ ਸੰਦੀਪ ਸਿੰਘ, ਸਕੱਤਰ ਚਰਨਜੀਤ ਸਿੰਘ, ਪੰਚਾਇਤ ਅਫ਼ਸਰ, ਸਵਰਨ ਸਿੰਘ ਸਿੱਧੂ, ਸੁਰਿੰਦਰ ਸਿੰਘ ਤਾਲਿਬ, ਹਰਦੀਪ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਸਵਿੰਦਰ ਸਿੰਘ, ਹਰਦੀਪ ਸਿੰਘ ਭੂੰਡੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਸਮਾਰਟ ਸਕੂਲ ਮਾਡਲ ਟਾਊਨ 'ਚ ਰਾਜੇਸ਼ ਕੁਮਾਰ ਨੇ ਬਤੌਰ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਜਨਗਣਨਾ-2027 ਦੇ ਪਹਿਲੇ ਪੜਾਅ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।