ਬਨੂੜ, 6 ਜੂਨ (ਭੁਪਿੰਦਰ ਸਿੰਘ)-ਪਿੰਡ ਅਜ਼ੀਜਪੁਰ ਵਿਖੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਕੁਝ ਘੰਟਿਆਂ ਵਿਚ ਸੁਲਝਾ ਲਈ ਹੈ ਅਤੇ ਪੁਲਿਸ ਨੇ ਕਤਲ ਨੂੰ ਗਿ੍ਫ਼ਤਾਰ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਰਤਨ (ਕਰੀਬ 58 ਸਾਲ) ਪੁੱਤਰ ਗੱਜੂ ਰਾਮ ਵਾਸੀ ਪਿੰਡ ਅਜ਼ੀਜਪੁਰ ਲੰਘੀ ਰਾਤ ਕਰੀਬ 9 ਵਜੇ ਪਿੰਡ ਦੀ ਜੂਹ ਵਿਚ ਪੈਂਦੇ ਖੇਤਾਂ ਨੂੰ ਮੋਟਰ ਤੋਂ ਪਾਣੀ ਲਾਉਣ ਗਿਆ ਸੀ | ਅੱਜ ਸਵੇਰੇ ਜਦੋਂ ਉਸ ਦਾ ਭਰਾ ਕਰਮਜੀਤ ਸਿੰਘ ਖੇਤਾਂ ਵਿਚ ਗੇੜਾ ਲਾਉਣ ਗਿਆ, ਮੋਟਰ 'ਤੇ ਰਾਮ ਰਤਨ ਦੀ ਖੂਨ ਨਾਲ ਲੱਥ ਪੱਥ ਹੋਈ ਲਾਸ਼ ਪਈ ਸੀ | ਉਸ ਨੇ ਤੁਰੰਤ ਹੋਰਨਾਂ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਤੇ ਪੁਲਿਸ ਨੂੰ ਸੂਚਿਤ ਕੀਤਾ | ਡੀਐਸਪੀ ਬਨੂੜ ਸੁਖਦੇਵ ਸਿੰਘ ਅਤੇ ਥਾਣਾ ਮੁਖੀ ਅਰਸ਼ਦੀਪ ਸ਼ਰਮਾ ਵੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਤੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਅਰੰਭ ਦਿੱਤੀ | ਮਿ੍ਤਕ ਪਤਨੀ ਅਤੇ ਇਕ ਲੜਕੀ ਤੇ ਇਕ ਗੋਦ ਲਏ ਪੁੱਤਰ ਸਮੇਤ ਚਾਰ ਮੈਂਬਰ ਘਰਦੇ ਸਨ | ਜਿਨਾਂ ਦੀ ਧੀ ਦੀ ਛੋਟੀ ਉਮਰੇ ਮੌਤ ਹੋ ਗਈ ਅਤੇ ਦੋ ਕੁ ਸਾਲ ਪਹਿਲਾਂ ਪਤਨੀ ਵੀ ਗੁਜਰ ਗਈ | ਉਹ ਪਿਓ ਪੁੱਤਰ ਦੋਵੇਂ ਘਰ ਵਿਚ ਰਹਿੰਦੇ ਸਨ | ਉਨਾਂ ਦੱਸਿਆ ਕਿ ਰਾਤ ਆਪਣੇ ਪੁੱਤਰ ਨੂੰ ਘਰ ਛੱਡ ਕੇ ਖੇਤ ਨੂੰ ਪਾਣੀ ਲਾਉਣ ਗਿਆ ਤੇ ਉੱਥੇ ਉਸ ਦਾ ਕਤਲ ਹੋ ਗਿਆ | ਥਾਣਾ ਮੁਖੀ ਅਰਸ਼ਦੀਪ ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨਾਂ ਸ਼ੱਕ ਦੇ ਅਧਾਰ 'ਤੇ ਮੋਟਰ 'ਤੇ ਰਹਿੰਦੇ ਪ੍ਰਵਾਸੀ ਪਰਿਵਾਰ ਸਮੇਤ ਕੁਝ ਵਿਅਕਤੀਆਂ ਨੂੰ ਜਾਂਚ ਲਈ ਥਾਣੇ ਲਿਆਂਦਾ ਸੀ | ਪਹਿਲੀ ਨਜ਼ਰੇ ਉਸ ਦੇ ਚਚੇਰੇ ਭਰਾ ਬਖ਼ਸ਼ੀਸ਼ ਸਿੰਘ 'ਤੇ ਸ਼ੱਕ ਹੋਇਆ | ਉਨਾਂ ਕਿਹਾ ਕਿ ਜਦੋਂ ਸਖ਼ਤੀ ਨਾਲ ਉਸ ਤੋਂ ਪੁਛਗਿੱਛ ਕੀਤੀ, ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ | ਥਾਣਾ ਮੁਖੀ ਨੇ ਦੱਸਿਆ ਕਿ ਉਨਾਂ ਦੀ ਮੋਟਰ ਸਾਂਝੀ ਸੀ | ਜਿਸ ਕਾਰਨ ਉਨਾਂ ਦਾ ਤਕਰਾਰ ਹੋਇਆ ਤੇ ਉਸ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ | ਪੁਲਿਸ ਨੇ ਮਿ੍ਤਕ ਦੇ ਭਰਾ ਕਰਮਜੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਹੈ | ਲਾਸ਼ ਦਾ ਡੇਰਾਬਸੀ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਾ ਕੇ ਸਸਕਾਰ ਕਰ ਦਿੱਤਾ ਹੈ |