ਨਾਭਾ, 9 ਜੂਨ (ਜਗਨਾਰ ਸਿੰਘ ਦੁਲੱਦੀ)-ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਨਾਭਾ ਹਲਕੇ ਦਾ ਮਹੱਤਵਪੂਰਨ ਇਜਲਾਸ ਸਥਾਨਕ ਬੌੜਾਂ ਗੇਟ ਸਥਿਤ ਡੇਰਾ ਸ੍ਰੀ ਗੁਰੂ ਰਵਿਦਾਸ ਅਤੇ ਡਾਕਟਰ ਅੰਬੇਡਕਰ ਕਮਿਊਨਿਟੀ ਹਾਲ ਵਿਖੇ ਸਫਲਤਾ ਪੂਰਵਕ ਸੰਪੂਰਨ ਹੋਇਆ | ਇਸ ਇਜਲਾਸ ਵਿਚ ਪਿਛਲੇ ਸਮੇਂ ਦੌਰਾਨ ਕੀਤੇ ਗਏ ਵੱਖ-ਵੱਖ ਕਾਰਜਾਂ ਦੀ ਵਿਸਥਾਰ ਨਾਲ ਰਿਪੋਰਟ ਪੇਸ਼ ਕੀਤੀ ਗਈ | ਇਜਲਾਸ ਵਿਚ ਭਾਗ ਲੈਣ ਵਾਲੇ ਮੈਂਬਰਾਂ ਨੇ ਪਿਛਲੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਦਾ ਵਿਸਤਰਿਤ ਵਿਸ਼ਲੇਸ਼ਣ ਕੀਤਾ ਅਤੇ ਉਨ੍ਹਾਂ ਤੋਂ ਲਏ ਗਏ ਸਬਕਾਂ ਨੂੰ ਭਵਿੱਖ ਦੀ ਰਣਨੀਤੀ ਲਈ ਅਪਣਾਉਣ ਦਾ ਫ਼ੈਸਲਾ ਲਿਆ | ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ, ਭਰਾਤਰੀ ਜਥੇਬੰਦੀਆਂ ਡੈਮੋਕਰੈਟਿਕ ਟੀਚਰ ਫ਼ਰੰਟ ਦੇ ਆਗੂ ਰਾਮਸਰਨ, ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਗੁਰਧਿਆਨ ਹਰੀਗੜ੍ਹ ਆਦਿ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਜਾਇਜ਼ ਹੱਕਾਂ ਲਈ ਲੜਾਈ ਨੂੰ ਲਗਾਤਾਰ ਤੇਜ਼ ਕੀਤਾ ਜਾਵੇ ਅਤੇ ਨਵੀਂ ਕਮੇਟੀ ਨੂੰ ਇਸ ਦਿਸ਼ਾ ਵਿਚ ਠੋਸ ਕਦਮ ਚੁੱਕਣ ਦੀ ਨਸੀਅਤ ਦਿੱਤੀ | ਪਿਛਲੇ ਸਾਲਾਂ ਦੌਰਾਨ ਕੀਤੇ ਕਾਰਜਾਂ ਦੀ ਰਿਪੋਰਟ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਪੇਸ਼ ਕੀਤੀ | ਸਟੇਜ ਸੰਚਾਲਨ ਦੀ ਭੂਮਿਕਾ ਗੁਰਵਿੰਦਰ ਬੌੜਾਂ ਵਲੋਂ ਨਿਭਾਈ ਗਈ | ਇਜਲਾਸ ਦੌਰਾਨ ਹਲਕੇ ਦੀ ਨਵੀਂ ਕਮੇਟੀ ਚੁਣੀ ਗਈ, ਜਿਸ ਵਿਚ ਬਲਾਕ ਦਾ ਪ੍ਰਧਾਨ ਨਿਰਮਲ ਸਿੰਘ ਨਰਮਾਣਾ, ਮੀਤ ਪ੍ਰਧਾਨ ਕੁਲਵਿੰਦਰ ਕੌਰ ਮਡੌਰ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਪ੍ਰੀਤ, ਖ਼ਜ਼ਾਨਚੀ ਦਲਜੀਤ ਸਿੰਘ ਮੱਲੇਵਾਲ, ਕਰਤਾਰ ਸਿੰਘ, ਮਿੰਟੂ ਸਿੰਘ, ਸੁਖਵਿੰਦਰ ਕੌਰ, ਮਨਜੀਤ ਕੌਰ, ਸੁਖਪਾਲ ਕੌਰ, ਗੁਰਮੀਤ ਕੌਰ ਆਦਿ ਮੈਂਬਰ ਚੁਣੇ ਗਏ ਅਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਤੇ ਵਿਸਥਾਰਿਤ ਕਰਨ ਲਈ ਠੋਸ ਰਣਨੀਤੀ ਤਿਆਰ ਕੀਤੀ ਗਈ | ਇਜਲਾਸ ਵਿਚ ਸਰਗਰਮੀ ਨਾਲ ਹਿੱਸਾ ਲੈਣ ਵਾਲੇ ਸਾਰੇ ਮੈਂਬਰਾਂ ਅਤੇ ਸਮਰਥਕਾਂ ਦਾ ਧੰਨਵਾਦ ਨਵੇਂ ਬਣੇ ਇਲਾਕਾ ਪ੍ਰਧਾਨ ਨਿਰਮਲ ਸਿੰਘ ਨਰਮਾਣਾ ਵਲੋਂ ਕੀਤਾ ਗਿਆ |