ਰਾਜਪੁਰਾ, 9 ਜੂਨ (ਜੀ.ਪੀ. ਸਿੰਘ)-ਰਾਜਪੁਰਾ-ਅੰਬਾਲਾ ਮੁੱਖ ਕੌਮੀ ਸ਼ਾਹ ਮਾਰਗ 'ਤੇ ਇਕ ਟਰੱਕ ਵਲੋਂ ਦੋ ਵੱਖ-ਵੱਖ ਮੋਟਰਸਾਈਕਲਾਂ 'ਚ ਟੱਕਰ ਮਾਰ ਦੇਣ ਨਾਲ ਦੋਵੇਂ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ ਤੇ ਇਕ ਉਨ੍ਹਾਂ ਦਾ ਦੋਸਤ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਮਲਕੀਤ ਸਿੰਘ ਵਾਸੀ ਪਿੰਡ ਡਾਹਰੀਆਂ ਥਾਣਾ ਸ਼ੰਭੂ ਨੇ ਬਿਆਨ ਦਰਜ ਕਰਵਾਏ ਹਨ ਕਿ ਲੰਘੀ ਦੁਪਹਿਰ ਡੇਢ ਵਜੇ ਦੇ ਕਰੀਬ ਉਸ ਦਾ ਭਰਾ ਸੰਦੀਪ ਸਿੰਘ ਇਕ ਮੋਟਰਸਾਈਕਲ 'ਤੇ ਅਤੇ ਉਸ ਦਾ ਦੋਸਤ ਜਗਪਾਲ ਸ਼ਰਮਾ ਪੁੱਤਰ ਖਰੈਤ ਰਾਮ ਵਾਸੀ ਮਕਾਨ ਨੰਬਰ 14 ਨਰੇਸ਼ ਵਿਹਾਰ ਘੇਰ ਰੋਡ ਅੰਬਾਲਾ ਅਤੇ ਜਸ਼ਨ ਕੁਮਾਰ ਪੁੱਤਰ ਰਾਜਕੁਮਾਰ ਵਾਸੀ ਪਿੰਡ ਉਲਾਣਾ ਦੂਜੇ ਮੋਟਰਸਾਈਕਲ 'ਤੇ ਪਿੰਡ ਘੱਗਰ ਸਰਾਏ ਨੇੜੇ ਜਾ ਰਹੇ ਸਨ | ਇਸੇ ਦੌਰਾਨ ਇਕ ਟਰੱਕ ਦੇ ਚਾਲਕ ਨੇ ਆਪਣਾ ਟਰੱਕ ਤੇਜ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਲਿਆ ਕੇ ਪਹਿਲਾਂ ਤਾਂ ਜਗਪਾਲ ਸ਼ਰਮਾ ਅਤੇ ਫੇਰ ਸੰਦੀਪ ਸਿੰਘ ਦੇ ਮੋਟਰਸਾਈਕਲ ਵਿਚ ਮਾਰਿਆ | ਇਸ ਹਾਦਸੇ 'ਚ ਜਗਪਾਲ ਸ਼ਰਮਾ ਅਤੇ ਸੰਦੀਪ ਸਿੰਘ ਦੀ ਮੌਤ ਹੋ ਗਈ ਤੇ ਜਸ਼ਨ ਸ਼ਰਮਾ ਗੰਭੀਰ ਜ਼ਖ਼ਮੀ ਹੋ ਗਿਆ | ਥਾਣਾ ਸ਼ੰਭੂ ਦੀ ਪੁਲਿਸ ਨੇ ਟਰੱਕ ਚਾਲਕ ਨਰੈਣ ਪੁੱਤਰ ਕੇਸਰੋ ਵਾਸੀ ਸੰਜੇ ਕਾਲੋਨੀ ਭੁੱਟੀ ਮਾਇਨ ਥਾਣਾ ਫਤਹਿਪੁਰ ਬੇਰੀ ਦੱਖਣੀ ਦਿੱਲੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |