ਪਟਿਆਲਾ, 9 ਜੂਨ (ਧਰਮਿੰਦਰ ਸਿੰਘ ਸਿੱਧੂ)-ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇ ਸੱਦੇ 'ਤੇ ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿਚ ਮਰਜ਼ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਮੰਗ ਨੂੰ ਲੈਕੇ ਪਰਿਵਾਰਾਂ ਸਮੇਤ ਧਰਨਾ ਸ਼ੁਰੂ ਕੀਤਾ ਗਿਆ ਹੈ | ਇਸ ਸਮੇਂ ਹਾਜ਼ਰ ਤਾਲਮੇਲ ਕਮੇਟੀ ਦੇ ਸੂਬਾਈ ਆਗੂਆਂ ਸੰਦੀਪ ਖੱਤਰੀ, ਬਬਲੀ ਬਾਹਰੀ, ਰੋਹਿਤ, ਗੁਰਵਿੰਦਰ ਸਿੰਘ, ਮਨਦੀਪ ਅਜਰੋਰ, ਰਾਜੇਸ਼ ਕੁਮਾਰ ਨੇ ਕਿਹਾ ਕਿ ਸਮੁੱਚੇ ਪਾਵਰ ਕਾਰਪੋਰੇਸ਼ਨ ਸਮੇਤ ਸਰਕਾਰੀ ਥਰਮਲ ਪਲਾਂਟਾਂ, ਹਾਈਡਲ ਪ੍ਰੋਜੈਕਟਾਂ, ਗਰਿੱਡਾਂ, ਦਫ਼ਤਰਾਂ, ਸਟੋਰਾਂ ਅਤੇ ਸਮੁੱਚੇ ਫ਼ੀਲਡ ਵਿਚ ਹਜ਼ਾਰਾਂ ਆਊਟਸੋਰਸ਼ਡ ਠੇਕਾ ਮੁਲਾਜ਼ਮ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਨਿਗੂਣੀਆਂ ਤਨਖ਼ਾਹਾਂ 'ਤੇ ਵੱਖ-ਵੱਖ ਆਸਾਮੀਆਂ 'ਤੇ ਸੇਵਾਵਾਂ ਦਿੰਦੇ ਆ ਰਹੇ ਹਨ | ਵਿਭਾਗ ਵਿਚ ਪੱਕਾ ਕਰਨ ਅਤੇ ਗੁਜ਼ਾਰੇਯੋਗ ਤਨਖ਼ਾਹ ਨਿਸ਼ਚਿਤ ਕਰਨ ਦੀ ਮੰਗ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਪਰ ਪੰਜਾਬ ਸਰਕਾਰ ਅਤੇ ਵਿਭਾਗ ਦੀ ਮੈਨੇਜਮੈਂਟ ਵਿਭਾਗ ਦੇ ਆਊਟਸੋਰਸ਼ਡ ਮੁਲਾਜ਼ਮਾਂ ਲਈ ਲਗਾਤਾਰ ਟਾਲਾ ਵੱਟ ਰਹੀ ਹੈ | ਆਗੂਆਂ ਨੇ ਕਿਹਾ ਕਿ ਮੰਗਾਂ ਨੂੰ ਲੈਕੇ ਵਿਭਾਗ ਦੇ ਆਊਟਸੋਰਸ਼ਡ ਮੁਲਾਜ਼ਮਾਂ ਵਲੋਂ 28 ਮਈ 2026 ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਲਗਾਤਾਰ ਧਰਨਾ ਦੇਣ ਦੇ ਸੰਘਰਸ਼ ਸੱਦੇ ਦੇ ਦਬਾਅ ਸਦਕਾ ਬਿਜਲੀ ਮੰਤਰੀ ਦੀ ਅਗਵਾਈ ਵਿਚ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵਲੋਂ 24 ਮਈ ਨੂੰ ਖੰਨਾ ਵਿਖੇ ਤਾਲਮੇਲ ਕਮੇਟੀ ਦੇ ਸੂਬਾਈ ਆਗੂਆਂ ਨਾਲ਼ ਕੀਤੀ ਪੈਨਲ ਮੀਟਿੰਗ ਵਿਚ ਚੋਣ ਜ਼ਾਬਤੇ ਉਪਰੰਤ ਵਿਭਾਗ ਦੇ ਆਊਟਸੋਰਸ਼ਡ ਮੁਲਾਜਮਾਂ ਨੂੰ ਵਿਭਾਗ ਵਿਚ ਮਰਜ਼ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰਨ ਅਤੇ 15 ਜੂਨ ਤੱਕ ਵਿਭਾਗ ਵਿਚ ਮਰਜ਼ ਕਰਕੇ ਨਿਯੁਕਤੀ ਪੱਤਰ ਦੇਣ ਦੀ ਸਹਿਮਤੀ ਬਣੀ ਸੀ ਪਰ ਹੁਣ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਮੀਟਿੰਗ ਵਿਚ ਬਣੀਆਂ ਸਹਿਮਤੀਆਂ ਤੋਂ ਭੱਜ ਰਹੀ ਹੈ | ਜਿਸ ਦੇ ਵਿਰੋਧ ਵਜੋਂ ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸਡ ਮੁਲਾਜ਼ਮਾਂ ਵਲੋਂ 9 ਜੂਨ ਤੋਂ ਆਪਣੇ-ਆਪਣੇ ਵਿਭਾਗਾਂ ਦੇ ਦਫ਼ਤਰਾਂ ਅੱਗੇ ਪਰਿਵਾਰਾਂ ਸਮੇਤ ਲਗਾਤਾਰ ਧਰਨੇ ਦੇਣ ਫ਼ੈਸਲਾ ਕੀਤਾ ਹੈ |