31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਲਾਹੌਰੀ ਗੇਟ ਤੋਂ ਹਨੂਮਾਨ ਮੰਦਰ ਤੱਕ ਨਾਲੇ ਦੀ ਸਫ਼ਾਈ ਮੁਹਿੰਮ ਤੇਜ਼

ਅਜੀਤ ਡੈਸਕ 14-06-2026
• ਮੇਅਰ ਕੁੰਦਨ ਗੋਗੀਆ ਦੀ ਰਹਿਨੁਮਾਈ ਹੇਠ 35 ਤੋਂ ਵੱਧ ਕਰਮਚਾਰੀਆਂ ਦੀ ਟੀਮ ਜੁਟੀ
ਪਟਿਆਲਾ, 13 ਜੂਨ (ਅ.ਸ. ਆਹਲੂਵਾਲੀਆ)-ਸ਼ਹਿਰ ਨੂੰ ਬਰਸਾਤਾਂ ਦੇ ਮੌਸਮ ਦੌਰਾਨ ਪਾਣੀ ਦੇ ਸਹੀ ਵਹਾਅ ਅਤੇ ਗੰਦਗੀ ਦੀ ਸਮੱਸਿਆ ਤੋਂ ਬਚਾਉਣ ਲਈ ਨਗਰ ਨਿਗਮ ਵਲੋਂ ਨਾਲਿਆਂ ਦੀ ਸਫ਼ਾਈ ਦਾ ਕੰਮ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ਪੂਜਾ ਸਵੀਟ ਲਾਹੌਰੀ ਗੇਟ ਤੋਂ ਲੈ ਕੇ ਹਨੂਮਾਨ ਮੰਦਰ ਤੱਕ ਜਾਂਦੇ ਮੁੱਖ ਨਾਲੇ ਦੀ ਸਫ਼ਾਈ ਮੁਹਿੰਮ ਮੇਅਰ ਕੁੰਦਨ ਗੋਗੀਆ ਦੀ ਰਹਿਨੁਮਾਈ ਹੇਠ ਸ਼ੁਰੂ ਕਰ ਦਿੱਤੀ ਗਈ ਹੈ | ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਮਾਨਸੂਨ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਨਗਰ ਨਿਗਮ ਵਲੋਂ ਪਹਿਲਾਂ ਹੀ ਯੋਜਨਾਬੱਧ ਢੰਗ ਨਾਲ ਸਫ਼ਾਈ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਿਸੇ ਵੀ ਥਾਂ ਸਫ਼ਾਈ ਦੀ ਕਮੀ ਨਾ ਰਹੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਸੁਚਾਰੂ ਢੰਗ ਨਾਲ ਹੋ ਸਕੇ, ਇਸ ਲਈ 35 ਤੋਂ ਵੱਧ ਕਰਮਚਾਰੀਆਂ ਦੀ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ | ਇਹ ਟੀਮ ਲਗਾਤਾਰ ਵੱਖ-ਵੱਖ ਖੇਤਰਾਂ ਵਿਚ ਨਾਲਿਆਂ, ਸੀਵਰੇਜ ਲਾਈਨਾਂ ਅਤੇ ਪਾਣੀ ਦੇ ਨਿਕਾਸ ਲਈ ਸਫ਼ਾਈ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਹਰ ਸਾਲ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਤਰ੍ਹਾਂ ਦੇ ਨਾਲਿਆਂ ਦੀ ਤਿੰਨ ਤੋਂ ਚਾਰ ਵਾਰ ਸਫ਼ਾਈ ਕਰਵਾਈ ਜਾਂਦੀ ਹੈ ਤਾਂ ਜੋ ਮੀਂਹ ਦੇ ਦਿਨਾਂ ਵਿਚ ਨਾਲਿਆਂ ਦੇ ਜਾਮ ਹੋਣ, ਪਾਣੀ ਖੜ੍ਹਾ ਹੋਣ ਜਾਂ ਹੋਰ ਕਿਸੇ ਕਿਸਮ ਦੀ ਸਮੱਸਿਆ ਪੈਦਾ ਨਾ ਹੋਵੇ | ਸਮੇਂ ਸਿਰ ਕੀਤੀ ਜਾ ਰਹੀ ਇਹ ਕਾਰਵਾਈ ਨਾ ਸਿਰਫ਼ ਲੋਕਾਂ ਨੂੰ ਰਾਹਤ ਦੇਵੇਗੀ, ਸਗੋਂ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਵੀ ਬਰਕਰਾਰ ਰੱਖੇਗੀ | ਸਫ਼ਾਈ ਮੁਹਿੰਮ ਦੌਰਾਨ ਕਰਮਚਾਰੀਆਂ ਵਲੋਂ ਨਾਲੇ ਵਿਚ ਜਮਾਂ ਹੋਈ ਗਾਦ, ਪਲਾਸਟਿਕ, ਕੂੜਾ-ਕਰਕਟ ਅਤੇ ਹੋਰ ਰੁਕਾਵਟਾਂ ਨੂੰ ਹਟਾਇਆ ਗਿਆ, ਜਿਸ ਨਾਲ ਪਾਣੀ ਦੀ ਨਿਕਾਸੀ ਸੁਚਾਰੂ ਬਣੇਗੀ | ਨਗਰ ਨਿਗਮ ਅਧਿਕਾਰੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੂੜਾ-ਕਰਕਟ ਨਾਲਿਆਂ 'ਚ ਨਾ ਸੁੱਟਣ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ 'ਚ ਪ੍ਰਸ਼ਾਸਨ ਦਾ ਸਹਿਯੋਗ ਕਰਨ | ਇਸ ਮੌਕੇ ਇੰਸਪੈਕਟਰ ਇੰਦਰਜੀਤ ਸਿੰਘ, ਸਫ਼ਾਈ ਦਰੋਗਾ ਸੁਰਿੰਦਰ ਕੁਮਾਰ ਅਤੇ ਹੋਰ ਨਗਰ ਨਿਗਮ ਕਰਮਚਾਰੀ ਵੀ ਮੌਜੂਦ ਰਹੇ |
ਪਿਛਲੀ ਖ਼ਬਰ ਡੇਰਾ ਬਾਬਾ ਭਵੂਤ ਗਿਰ ਪਿੰਡ ਚਪਰਾੜ ਵਿਖੇ ਨਤਮਸਤਕ ਹੋਏ ਨਿਰਮਲ ਸਿੰਘ ਭੱਟੀਆਂ ਅਗਲੀ ਖ਼ਬਰ ਮੇਅਰ, ਕਮਿਸ਼ਨਰ ਦੀ ਤਾੜਨਾ ਤੋਂ ਬਾਅਦ ਬਿਲਡਿੰਗ ਸ਼ਾਖਾ ਨਾਜਾਇਜ਼ ਉਸਾਰੀਆਂ ਰੋਕਣ ਤੋਂ ਵੀ ਅਵੇਸਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।