ਪੰਜਾਬ ਪਬਲਿਕ ਸਕੂਲ ਵਿਖੇ ਮਿੰਨੀ ਫਾਊਂਡਰਜ਼ ਡੇ ਮੌਕੇ ਸੱਭਿਆਚਾਰਕ ਪ੍ਰੋਗਰਾਮ ਨੇ ਬੰਨ੍ਹਿਆ ਸਮਾਂ
ਨਾਭਾ, 5 ਨਵੰਬਰ (ਵਰਿੰਦਰ ਵਰਮਾ)-ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਸਕੂਲ ਦੇ 66ਵੇਂ ਸਥਾਪਨਾ ਦਿਵਸ ਦੇ ਜਸ਼ਨਾਂ ਦੀ ਸ਼ਾਨਦਾਰ ਸ਼ੁਰੂਆਤ ਮਿੰਨੀ ਫਾਊਂਡਰਜ਼ ਡੇ ਸਮਾਰੋਹ ਨਾਲ ਹੋਈ। ਇਸ ਮੌਕੇ ਇਕ ਮਨਮੋਹਕ ਅਤੇ ਉਤਸ਼ਾਹ ਭਰਪੂਰ ਸੱਭਿਆਚਾਰਕ ਤੇ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਮ
ਮੁੱਖ ਮਹਿਮਾਨ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਵਿੱਦਿਅਕ ਅਤੇ ਸਹਿ-ਵਿੱਦਿਅਕ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ, ਨਾਲ ਹੈਡਮਾਸਟਰ ਡਾ. ਡੀ.ਸੀ. ਸ਼ਰਮਾ। ਤਸਵੀਰ : ਵਰਿੰਦਰ ਵਰਮਾ
06-11-2026
ਨਾਭਾ, 5 ਨਵੰਬਰ (ਵਰਿੰਦਰ ਵਰਮਾ)-ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਸਕੂਲ ਦੇ 66ਵੇਂ ਸਥਾਪਨਾ ਦਿਵਸ ਦੇ ਜਸ਼ਨਾਂ ਦੀ ਸ਼ਾਨਦਾਰ ਸ਼ੁਰੂਆਤ ਮਿੰਨੀ ਫਾਊਂਡਰਜ਼ ਡੇ ਸਮਾਰੋਹ ਨਾਲ ਹੋਈ। ਇਸ ਮੌਕੇ ਇਕ ਮਨਮੋਹਕ ਅਤੇ ਉਤਸ਼ਾਹ ਭਰਪੂਰ ਸੱਭਿਆਚਾਰਕ ਤੇ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਉੱਘੇ ਪੁਰਾਣੇ ਵਿਦਿਆਰਥੀ ਮਾਣਯੋਗ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁੱਖ ਮਹਿਮਾਨ ਵਜੋਂ ਕੀਤੀ। ਇਸ ਮੌਕੇ ਖਚਾਖਚ ਭਰੇ ਆਡੀਟੋਰੀਅਮ ਵਿਚ ਪੇਸ਼ ਕੀਤੀਆਂ ਗਈਆਂ ਵੰਨ-ਸੁਵੰਨੀਆਂ ਕਲਾਤਮਕ ਵੰਨਗੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦਾ ਆਗਾਜ਼ ਸੁਰੀਲੇ ਆਰਕੈਸਟਰਾ ਨਾਲ ਹੋਇਆ। ਇਸ ਉਪਰੰਤ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਸਕੂਲ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰਾਪਤੀਆਂ ਦੀ ਝਲਕ ਦਿਖਾਈ ਗਈ। ਇਸ ਤੋਂ ਬਾਅਦ ਮਨਮੋਹਕ ਅਰਧ-ਸ਼ਾਸਤਰੀ ਨਾਚ, ਸਟੈਨਲੀ ਹਾਟਨ ਦੇ ਅੰਗਰੇਜ਼ੀ ਨਾਟਕ ‘ਦਿ ਡੀਅਰ ਡਿਪਾਰਟਿਡ’ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਅਤੇ ਪੰਜਾਬੀ ਲੋਕ-ਨਾਚ ਗਿੱਧਾ ਤੇ ਭੰਗੜਾ ਪੇਸ਼ ਕੀਤੇ ਗਏ। ਇਨ੍ਹਾਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਜੋਸ਼ ਅਤੇ ਉਤਸ਼ਾਹ ਨਾਲ ਸਿਖਰਾਂ ਤੱਕ ਪਹੁੰਚਾ ਦਿੱਤਾ। ਮੁੱਖ ਮਹਿਮਾਨ ਮਾਣਯੋਗ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਵਲੋਂ ਵਿੱਦਿਅਕ ਅਤੇ ਸਹਿ-ਵਿੱਦਿਅਕ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ 12 ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਪ੍ਰਤੀ ਉਨ੍ਹਾਂ ਦੀ ਸਮਰਪਣ ਭਾਵਨਾ, ਮਿਹਨਤ ਅਤੇ ਵਡਮੁੱਲੇ ਯੋਗਦਾਨ ਲਈ ‘ਹੈੱਡਮਾਸਟਰ ਐਵਾਰਡ ਫਾਰ ਐਕਸੀਲੈਂਸ ਇਨ ਟੀਚਿੰਗ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਮਾਣਯੋਗ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਨੇ ਆਪਣੇ ਸਕੂਲੀ ਜੀਵਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਬੀਤੇ ਸਮੇਂ ਨੂੰ ਯਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ, ਆਪਣੇ ਟੀਚੇ ਪ੍ਰਤੀ ਇਕਾਗਰ ਰਹਿਣ ਅਤੇ ਮੌਜੂਦਾ ਮੁਕਾਬਲੇ ਭਰੇ ਯੁੱਗ ਵਿਚ ਆਪਣੀ ਵਿਲੱਖਣ ਪਛਾਣ ਬਣਾਉਣ ਲਈ ਉੱਤਮਤਾ ਵੱਲ ਨਿਰੰਤਰ ਯਤਨਸ਼ੀਲ ਰਹਿਣ ਦਾ ਸੰਦੇਸ਼ ਦਿੱਤਾ। ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਸਕੂਲ ਦੇ ਹੈਡਮਾਸਟਰ ਡਾ. ਡੀ.ਸੀ. ਸ਼ਰਮਾ ਨੇ ਮੁੱਖ ਮਹਿਮਾਨ ਮਾਣਯੋਗ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਦਾ ਉਨ੍ਹਾਂ ਦੇ ਪ੍ਰੇਰਨਾਦਾਇਕ ਅਤੇ ਉਤਸ਼ਾਹਵਰਧਕ ਵਿਚਾਰਾਂ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮਹਿਮਾਨ ਦੇ ਵਿਚਾਰ ਵਿਦਿਆਰਥੀਆਂ ਲਈ ਲੰਮੇ ਸਮੇਂ ਤੱਕ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ। ਇਸ ਮੌਕੇ ਉਨ੍ਹਾਂ ਨੇ ਸਕੂਲ ਵਲੋਂ ਸਤਿਕਾਰ ਅਤੇ ਧੰਨਵਾਦ ਦੇ ਪ੍ਰਤੀਕ ਵਜੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ।