ਕੋਟਕਪੂਰਾ, 16 ਜੂਨ (ਮੋਹਰ ਸਿੰਘ ਗਿੱਲ)-ਸਥਾਨਕ ਵਾਰਡ ਨੰਬਰ : 15 ਤੋਂ ਆਮ ਆਦਮੀ ਪਾਰਟੀ ਦੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਕੌਂਸਲਰ ਬੀਬਾ ਕਮਲਜੀਤ ਕੌਰ ਸੰਧੂ ਦੇ ਪਰਿਵਾਰ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਵਿਖੇ ਰੱਖੇ ਸ਼ੁਕਰਾਨਾ ਸਮਾਗਮ ‘ਚ ਵਿਸ਼ੇਸ਼ ਤੌਰ ‘ਤੇ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਬਾ ਕਮਲਜੀਤ ਕੌਰ ਦੇ ਪਤੀ ਗੁਰਸੇਵਕ ਸਿੰਘ ਸੰਧੂ ਅਤੇ ਵਾਰਡ ਨੰਬਰ : 16 ਦੇ ਕੌਂਸਲਰ ਐਰਨ ਜੋਸ਼ੀ (ਨਿੱਪੀ) ਸਮੇਤ ਗੁੱਡ ਮੋਰਨਿੰਗ ਕਲੱਬ ਦੇ ਸੰਸਥਾਪਕ ਗੁਰਿੰਦਰ ਸਿੰਘ ਮਹਿੰਦੀਰੱਤਾ ਨੂੰ ਸਿਰੋਪਾਉ ਪਹਿਨਾ ਕੇ ਸਨਮਾਨਿਤ ਕੀਤਾ। ਗੁਰੂ ਘਰ ਕੇ ਗ੍ਰੰਥੀ ਭਾਈ ਬਲਜੀਤ ਸਿੰਘ ਨੇ ਅਰਦਾਸ ਬੇਨਤੀ ਕਰਨ ਉਪਰੰਤ ਪਵਿੱਤਰ ਹੁਕਮਨਾਮਾ ਲਿਆ। ਸਟੇਜ ਸੰਚਾਲਨ ਕਰਦਿਆਂ ਸੇਵਾ ਮੁਕਤ ਲੈਕਚਰਾਰ ਗੁਰਨਾਮ ਸਿੰਘ ਭੁੱਲਰ ਨੇ ਸਪੀਕਰ ਸੰਧਵਾਂ ਸਮੇਤ ਹੋਰਨਾਂ ਪਤਵੰਤਿਆਂ ਅਤੇ ਸੰਗਤ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿਚ ਬਣੇ ਇਸ ਗੁਰਦੁਆਰਾ ਸਾਹਿਬ ਦੇ ਨਵੇਂ ਬਣਨ ਵਾਲੇ ਲੰਗਰ ਹਾਲ ਦੀ ਸ਼ੁਰੂਆਤ ਕੀਤੀ ਜਾਵੇਗੀ। ਸਪੀਕਰ ਸੰਧਵਾਂ ਨੇ ਆਖਿਆ ਕਿ ਜੇਕਰ ਲੋਕ ਸਫ਼ਾਈ ਨੂੰ ਮੁੱਖ ਰੱਖਦਿਆਂ ਨਾਲੀ-ਨਾਲਿਆਂ ਵਿਚ ਕੂੜਾ ਅਤੇ ਸੀਵਰੇਜ ਦੀਆਂ ਪਾਈਪਾਂ ਵਿਚ ਫ਼ਾਲਤੂ ਸਾਮਾਨ ਸੁੱਟਣ ਤੋਂ ਗੁਰੇਜ ਕਰਨ ਤਾਂ ਪਾਣੀ ਨਿਕਾਸੀ ਦੀ ਸਮੱਸਿਆ ਕਦੇ ਵੀ ਨਹੀਂ ਆਵੇਗੀ।
ਜੇਤੂ ਕੌਂਸਲਰ ਵਲੋਂ ਪ੍ਰਮਾਤਮਾ ਦਾ ਸ਼ੁਕਰਾਨਾ
ਅਜੀਤ ਡੈਸਕ
17-06-2026