ਮਲੋਟ, 17 ਜੁਲਾਈ (ਪਾਟਿਲ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਹੀ ਸੂਬਾ ਪੱਧਰੀ ਹੜਤਾਲ ਤਹਿਤ ਮਲੋਟ ਵਿਚ ਵੀ ਸਫ਼ਾਈ ਸੇਵਕਾਂ ਦਾ ਧਰਨਾ ਲਗਾਤਾਰ ਜਾਰੀ ਹੈ। ਅੱਜ ਇਹ ਸੰਘਰਸ਼ 10ਵੇਂ ਦਿਨ ਵਿਚ ਦਾਖ਼ਲ ਹੋ ਗਿਆ। ਇਸ ਦੌਰਾਨ ਸੰਗਰੂਰ ਵਿਚ ਸਫ਼ਾਈ ਕਰਮਚਾਰੀਆਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਮਲੋਟ ਦੇ ਅਗਰਸੈਨ ਚੌਂਕ ਵਿਖੇ ਕਰਮਚਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫ਼ੂਕ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ 8 ਜੁਲਾਈ ਤੋਂ ਸ਼ੁਰੂ ਹੋਇਆ ਸੰਘਰਸ਼ ਅੱਜ 10ਵੇਂ ਦਿਨ ਵਿਚ ਪਹੁੰਚ ਗਿਆ ਹੈ, ਪਰ ਸਰਕਾਰ ਵਲੋਂ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਸੰਗਰੂਰ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ’ਤੇ ਪੁਲਿਸ ਵਲੋਂ ਕੀਤਾ ਗਿਆ ਲਾਠੀਚਾਰਜ ਨਿੰਦਣਯੋਗ ਹੈ ਅਤੇ ਇਸ ਕਾਰਨ ਸੂਬੇ ਭਰ ਦੇ ਸਫ਼ਾਈ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ 30 ਨੁਕਾਤੀ ਮੰਗ ਪੱਤਰ ਲੰਮੇ ਸਮੇਂ ਤੋਂ ਸਰਕਾਰ ਕੋਲ ਵਿਚਾਰ ਅਧੀਨ ਹੈ। ਮਈ ਮਹੀਨੇ ਦੌਰਾਨ ਵੀ ਕਰਮਚਾਰੀਆਂ ਨੇ 15 ਦਿਨ ਤੋਂ ਵੱਧ ਸਮੇਂ ਤੱਕ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਸੀ, ਜਿਸ ਵੇਲੇ ਸਰਕਾਰ ਨੇ ਇਕ ਮਹੀਨੇ ਵਿਚ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਮਲੋਟ ਦੇ ਪ੍ਰਧਾਨ ਬਲਵੰਤ ਬੇਦੀ, ਰਾਜ ਕੁਮਾਰ, ਪ੍ਰਦੀਪ ਕੁਮਾਰ, ਸੋਮ ਨਾਥ, ਸੂਰਜ ਕੁਮਾਰ (ਜਨਰਲ ਸਕੱਤਰ), ਸ਼ੰਕਰ, ਮਨਦੀਪ ਕਾਲੜਾ, ਸੋਨੂੰ ਤੇ ਸੁਨੀਲ ਕੁਮਾਰ ਸਮੇਤ ਹੋਰ ਆਗੂ ਹਾਜ਼ਰ ਸਨ। ਪ੍ਰਦਰਸ਼ਨ ਦੌਰਾਨ ਔਰਤ ਕਰਮਚਾਰੀਆਂ ਨੇ ਵੀ ਪੰਜਾਬ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕਰਕੇ ਰੋਸ ਪ੍ਰਗਟਾਇਆ।
ਮਲੋਟ ਵਿਖੇ ਸਫ਼ਾਈ ਸੇਵਕਾਂ ਦਾ ਸੰਘਰਸ਼ 10ਵੇਂ ਦਿਨ ’ਚ ਦਾਖ਼ਲ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫ਼ੂਕਿਆ
ਅਜੀਤ ਡੈਸਕ
18-07-2026