ਜੈਤੋ, 27 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਬਲਾਕ ਜਨਰਲ ਸਕੱਤਰ ਯੂਥ ਪੰਜਾਬ ਪ੍ਰਦੇਸ਼ ਕਾਂਗਰਸ ਅੰਮ੍ਰਿਤਪਾਲ ਸਿੰਘ ਬਰਾੜ ਰੋੜੀਕਪੂਰਾ ਨੇ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਦੇ ਸਾਰੇ ਸੀਨੀਅਰ ਆਗੂ, ਵਰਕਰ ਅਤੇ ਅਹੁਦੇਦਾਰ ਆਪਸੀ ਮਤਭੇਦ ਭੁਲਾ ਕੇ ਇਕ ਮੰਚ ’ਤੇ ਇਕੱਠੇ ਹੋ ਕੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਦੇ ਹਨ ਤਾਂ ਕਾਂਗਰਸ ਨੂੰ ਸੱਤਾ ਵਿਚ ਆਉਣ ਤੋਂ ਕੋਈ ਵੀ ਸਿਆਸੀ ਪਾਰਟੀ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਹਾਲਾਤਾਂ ਤੋਂ ਨਿਰਾਸ਼ ਹਨ ਅਤੇ ਸੂਬੇ ਨੂੰ ਇਕ ਮਜ਼ਬੂਤ, ਤਜਰਬੇਕਾਰ ਅਤੇ ਲੋਕ-ਹਿਤੈਸ਼ੀ ਸਰਕਾਰ ਦੀ ਲੋੜ ਹੈ। ਉਨ੍ਹਾਂ ਦਾ ਦਾਅਵਾ ਸੀ ਕਿ ਕਾਂਗਰਸ ਕੋਲ ਤਜਰਬੇਕਾਰ ਲੀਡਰਸ਼ਿਪ, ਮਜ਼ਬੂਤ ਸੰਗਠਨ ਅਤੇ ਲੋਕਾਂ ਨਾਲ ਜੁੜਿਆ ਹੋਇਆ ਆਧਾਰ ਹੈ, ਜਿਸ ਦੇ ਸਹਾਰੇ ਪਾਰਟੀ ਇਕ ਵਾਰ ਫਿਰ ਪੰਜਾਬ ਵਾਸੀਆਂ ਦਾ ਭਰੋਸਾ ਜਿੱਤ ਸਕਦੀ ਹੈ। ਅੰਮ੍ਰਿਤਪਾਲ ਸਿੰਘ ਬਰਾੜ ਨੇ ਕਿਹਾ ਕਿ ਪਾਰਟੀ ਦੀ ਅਸਲ ਤਾਕਤ ਇਸਦੇ ਸਮਰਪਿਤ ਵਰਕਰ ਹਨ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਮਤਭੇਦਾਂ ਅਤੇ ਗੁੱਟਬਾਜ਼ੀ ਤੋਂ ਉੱਪਰ ਉੱਠ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ, ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਵਧਾਉਣ ਅਤੇ ਕਾਂਗਰਸ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਕਜੁੱਟ ਕਾਂਗਰਸ ਹੀ ਪੰਜਾਬ ਨੂੰ ਮੁੜ ਵਿਕਾਸ, ਖੁਸ਼ਹਾਲੀ ਅਤੇ ਤਰੱਕੀ ਦੀ ਰਾਹ ’ਤੇ ਲੈ ਕੇ ਜਾ ਸਕਦੀ ਹੈ ਅਤੇ 2027 ਦੀਆਂ ਚੋਣਾਂ ਵਿਚ ਲੋਕ ਕਾਂਗਰਸ ਨੂੰ ਭਾਰੀ ਸਮਰਥਨ ਦੇਣਗੇ।