ਫ਼ਰੀਦਕੋਟ, 17 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਅੱਜ ਸਥਾਨਕ ਟਿੱਲਾ ਬਾਬਾ ਸ਼ੇਖ਼ ਫ਼ਰੀਦ ਜੀ ਵਿਖੇ ਅਰੁਣ ਸੇਖੜੀ ਆਈ.ਏ.ਐਸ. ਮੰਡਲ ਕਮਿਸ਼ਨਰ ਫ਼ਰੀਦਕੋਟ ਅਤੇ ਸਾਹਿਲ ਅਗਰਵਾਲ ਸਟੇਟ ਸੈਕਟਰੀ ਤੇ ਚੇਅਰਮੈਨ ਟਰੇਡਿੰਗ ਵਿੰਗ, ਐਕਸਾਈਜ ਵਿਭਾਗ, ਚੰਡੀਗੜ੍ਹ ਨੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ | ਉਨ੍ਹਾਂ ਦਾ ਸਵਾਗਤ ਸਿਮਰਜੀਤ ਸਿੰਘ ਸੇਖੋਂ ਪ੍ਰਧਾਨ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੀ ਰਹਿਨੁਮਾਈ ਹੇਠ ਕੀਤਾ ਗਿਆ | ਹੈੱਡ ਗ੍ਰੰਥੀ ਵਲੋਂ ਇਨ੍ਹਾਂ ਮਹਿਮਾਨਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਬਾਬਾ ਫ਼ਰੀਦ ਸੰਸਥਾਵਾਂ ਦੇ ਸੰਸਥਾਪਕ ਸਵ. ਇੰਦਰਜੀਤ ਸਿੰਘ ਖ਼ਾਲਸਾ ਦੁਆਰਾ ਲਿਖਤ ਬਾਬਾ ਫ਼ਰੀਦ ਸਾਹਿਬ ਦੀ ਜੀਵਨੀ ਸਬੰਧੀ ਕਿਤਾਬਾਂ ਭੇਟ ਕੀਤੀਆਂ ਗਈਆਂ | ਅਰੁਣ ਸੇਖੜੀ ਅਤੇ ਸਾਹਿਲ ਅਗਰਵਾਲ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਸਮੇਤ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਨਤਮਸਤਕ ਹੋਣ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਸੁਨਹਿਰਾ ਮੌਕਾ ਮਿਲਿਆ ਹੈ ¢