ਬਰਗਾੜੀ, 29 ਅਪ੍ਰੈਲ (ਲਖਵਿੰਦਰ ਸ਼ਰਮਾ)-ਵਿਵੇਕ ਆਸ਼ਰਮ ਬਰਗਾੜੀ ਦੇ ਮੁਖੀ ਸੰਤ ਮੋਹਨ ਦਾਸ ਜੀ ਤੇ ਸਮਾਜ ਸੇਵੀ ਡਾ. ਚਰਨਜੀਤ ਸਿੰਘ ਨੇ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਦੇ ਚੀਫ਼ ਪੈਟਰਨ ਸਵਾਮੀ ਬ੍ਰਹਮ ਮੁਨੀ ਜੀ ਜਲਾਲ ਵਾਲਿਆਂ ਨੂੰ ਭਾਰਤ ਵਿਭੂਸ਼ਣ ਐਵਾਰਡ ਮਿਲਣ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਐਵਾਰਡ ਮਿਲਣ ਨਾਲ ਜਿਥੇ ਸਮੂਹ ਵਿਵੇਕ ਪੰਥੀ ਸੰਤਾਂ ਮਹਾਤਮਾਂ ਦਾ ਸਨਮਾਨ ਹੋਇਆ ਹੈ, ਉਥੇ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਦਾ ਨਾਂਅ ਰਾਸ਼ਟਰੀ ਪੱਧਰ 'ਤੇ ਚਮਕਿਆ ਹੈ | ਇਹ ਐਵਾਰਡ ਸਵਾਮੀ ਬ੍ਰਹਮ ਮੁਨੀ ਜੀ ਵਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ, ਮਨੁੱਖਤਾ ਦੀ ਭਲਾਈ ਅਤੇ ਅਧਿਆਤਮਿਕ ਜਾਗਰੂਕਤਾ ਲਈ ਕੀਤੇ ਜਾ ਰਹੇ ਲਗਾਤਾਰ ਕੰਮਾਂ ਕਾਰਨ ਮਿਲਿਆ ਹੈ | ਉਨ੍ਹਾਂ ਇਹ ਐਵਾਰਡ ਦੇਣ ਲਈ ਰਾਸ਼ਟਰੀ ਪੱਧਰ ਦੀ ਸੰਸਥਾ ਇੰਸਟੀਚਿਊਟ ਫਾਰ ਸ਼ੋਸਲ ਰਿਫ਼ਾਰਮ ਐਂਡ ਹਾਇਰ ਐਜੂਕੇਸ਼ਨ ਚੈਰੀਟੇਬਲ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਵੇਕ ਮਿਸ਼ਨ ਟਰੱਸਟ ਵਲੋਂ ਲੰਮੇ ਸਮੇਂ ਤੋਂ ਮਨੁੱਖਤਾ ਦੀ ਭਲਾਈ ਲਈ ਦੇਸ਼ਾਂ ਵਿਦੇਸ਼ਾਂ ਵਿਚ ਨਿਸ਼ਕਾਮ ਸੇਵਾ ਭਾਵਨਾ ਨਾਲ ਕਾਰਜ ਕੀਤੇ ਜਾ ਰਹੇ ਹਨ | ਸਵਾਮੀ ਬ੍ਰਹਮ ਮੁਨੀ ਜੀ ਨੇ ਬ੍ਰਹਮ ਲੀਨ ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਤੋਂ ਸੇਧ ਲੈ ਕੇ ਆਪਣਾ ਹੁਣ ਤੱਕ ਦਾ ਸਾਰਾ ਜੀਵਨ ਹੀ ਮਨੁੱਖਤਾ ਦੀ ਭਲਾਈ ਦੇ ਲੇਖੇ ਲਗਾਇਆ ਹੋਇਆ ਹੈ ਅਤੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਦੇ ਆਸ਼ੀਰਵਾਦ ਨਾਲ ਇਸ ਨਿਸ਼ਕਾਮ ਸੇਵਾ ਨੂੰ ਬਾਖੂਬੀ ਨਿਭਾ ਰਹੇ ਹਨ | ਸਵਾਮੀ ਬ੍ਰਹਮ ਮੁਨੀ ਜੀ ਦੇ ਆਸ਼ੀਰਵਾਦ ਅਤੇ ਦਿਸਾ ਨਿਰਦੇਸ਼ਾਂ ਨਾਲ ਸਮੁੱਚੇ ਭਾਰਤ ਵਿਚ ਵਿਵੇਕ ਪੰਥੀ ਸੰਤ ਮਹਾਤਮਾ ਮਨੁੱਖਤਾ ਦੀ ਭਲਾਈ ਲਈ ਨਿਸ਼ਕਾਮ ਸੇਵਾ ਕਰ ਰਹੇ ਹਨ |