ਕੋਟਕਪੂਰਾ, 11 ਮਈ (ਮੋਹਰ ਸਿੰਘ ਗਿੱਲ)-ਸਾਬਕਾ ਬਲਾਕ ਸੰਮਤੀ ਮੈਂਬਰ, ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਬਰਾੜ ਕੋਟਸੁਖੀਆ ਨੇ ਕਿਹਾ ਕਿ ਸੁਸਾਇਟੀਆਂ ਦੇ ਹੱਦ ਕਰਜ਼ਾ ਬਿਆਨ 'ਤੇ ਯੂ-ਟਰਨ ਲੈਣ ਦੇ ਫ਼ੈਸਲਾ ਅਤਿ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਅੰਤਾਂ ਦੀ ਮਹਿੰਗਾਈ ਅਤੇ ਖੇਤੀ ਉਪਰ ਜ਼ਿਆਦਾ ਲਾਗਤ ਖ਼ਰਚਿਆਂ ਨੂੰ ਵੇਖਦਿਆਂ ਕਿਸਾਨਾਂ ਦੀ ਮੰਗ ਨੂੰ ਧਿਆਨ 'ਚ ਰੱਖਦਿਆਂ ਕੋਆਪ੍ਰੇਟਿਵ ਸੁਸਾਇਟੀਆਂ ਦਾ ਹੱਦ ਕਰਜ਼ਾ ਪ੍ਰਤੀ ਏਕੜ ਵਾਧਾ ਕੀਤਾ ਸੀ, ਜਿਸ ਨੂੰ ਬਾਅਦ 'ਚ ਚੁੱਪ-ਚੁਪੀਤੇ ਹੀ ਵਾਪਸ ਲੈ ਲਿਆ ਗਿਆ, ਜੋ ਕਿ ਬੇਹੱਦ ਮੰਦਭਾਗਾ ਫ਼ੈਸਲਾ ਹੈ | ਬਰਾੜ ਨੇ ਕਿਹਾ ਕਿ ਉਕਤ ਫ਼ੈਸਲੇ ਵਿਰੋਧ 'ਚ ਕਈ ਸਹਿਕਾਰੀ ਸੁਸਾਇਟੀ ਦੇ ਕਰਮਚਾਰੀਆਂ ਵਲੋਂ ਹੜਤਾਲ ਵੀ ਕੀਤੀ ਗਈ, ਪਰ ਇਸ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ਉਪਰ ਅਜੇ ਤੱਕ ਜੂੰ ਨਹੀਂ ਸਰਕੀ | ਬਰਾੜ ਕੋਟਸੁਖੀਆ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਸਹਿਕਾਰੀ ਸਭਾਵਾਂ ਨੂੰ ਹੋਰ ਤਕੜਾ ਕਰਨ ਦੀ ਲੋੜ ਹੈ, ਕਿਉਂ ਜੋ ਕਿਸਾਨ ਸਿੱਧੇ ਤੌਰ 'ਤੇ ਸਹਿਕਾਰੀ ਸਭਾਵਾਂ ਨਾਲ ਜੁੜੇ ਹੋਏ ਹਨ | ਕਿਸਾਨਾਂ ਨੂੰ ਫ਼ਸਲਾਂ ਅਤੇ ਪਰਿਵਾਰ ਪਾਲਣ ਲਈ ਸਹਿਕਾਰੀ ਸਭਾਵਾਂ ਰਾਹੀਂ ਲੈਣ-ਦੇਣ ਕਰਨਾ ਕਾਫ਼ੀ ਸੁਖਾਲਾ ਲੱਗਦਾ ਹੈ |