ਸਾਦਿਕ, 11 ਮਈ (ਗੁਰਭੇਜ ਸਿੰਘ ਚੌਹਾਨ)-ਸਾਦਿਕ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਤੋਂ ਕੁਝ ਦਿਨਾਂ ਦੇ ਫ਼ਰਕ ਪਾ ਕੇ ਚੋਰ ਕਿਸੇ ਨਾਂ ਕਿਸੇ ਪਿੰਡ ਦੇ ਖੇਤਾਂ 'ਚੋਂ ਕਦੇ ਮੋਟਰਾਂ ਕਦੇ ਟਰਾਂਸਫ਼ਾਰਮਰ ਬੜੀ ਨਿੱਡਰਤਾ ਨਾਲ ਚੋਰੀ ਕਰਕੇ ਲੈ ਜਾਂਦੇ ਹਨ | ਇਹ ਚੋਰੀਆਂ ਇਕ ਗਿ੍ੋਹ ਦੇ ਰੂਪ 'ਚ ਕਈ ਕਈ ਬੰਦੇ ਇਕੱਠੇ ਹੋ ਕੇ ਕਰਦੇ ਹਨ | ਉਹ ਆਪਣੇ ਨਾਲ ਕੋਈ ਨਾ ਕੋਈ ਵਹੀਕਲ ਲੈ ਕੇ ਆਉਂਦੇ ਹਨ ਅਤੇ ਲਿੰਕ ਸੜਕਾਂ, ਕੱਚੇ ਰਾਹਾਂ ਜਾਂ ਕੱਸੀਆਂ ਦੀਆਂ ਪਟੜੀਆਂ ਦੇ ਨੇੜਿਉਂ ਜਿੱਥੇ ਵਹੀਕਲ ਸੌਖਾ ਪਹੁੰਚ ਸਕੇ ਤੋਂ ਮੋਟਰਾਂ ਜਾਂ ਟਰਾਂਸਫ਼ਾਰਮਰ ਖੋਲ੍ਹ ਕੇ ਉਸ ਵਿਚ ਲੱਦਕੇ ਲੈ ਜਾਂਦੇ ਹਨ | ਇਹ ਜਿਸ ਪਾਸੇ ਆਉਂਦੇ ਹਨ ਸਮੂਹਿਕ ਚੋਰੀਆਂ ਕਰਦੇ ਹਨ ਅਤੇ ਗਿਣਤੀ 'ਚ 5 ਤੋਂ ਲੈ ਕੇ 10-12 ਮੋਟਰਾਂ ਤੱਕ ਵੀ ਚੋਰੀ ਕਰਕੇ ਲੈ ਜਾਂਦੇ ਹਨ | ਬੀਤੇ ਦਿਨੀ ਪਿੰਡ ਸਾਧੂਵਾਲਾ ਅਤੇ ਜੰਡਵਾਲਾ ਤੋਂ ਕਈ ਮੋਟਰਾਂ ਚੋਰੀ ਕਰਨ ਤੋਂ ਬਾਅਦ ਉਸੇ ਢੰਗ ਤਰੀਕੇ ਨਾਲ ਕੁਝ ਦਿਨ ਬਾਅਦ ਪਿੰਡ ਘੁਗਿਆਣਾ ਤੋਂ 5 ਮੋਟਰਾਂ ਚੋਰੀ ਕੀਤੀਆਂ ਗਈਆਂ ਤੇ ਹੁਣ ਬੀਤੀ ਰਾਤ ਪਿੰਡ ਢਿਲਵਾਂ ਖੁਰਦ ਤੋਂ ਪਿੰਡ ਝੋਟੀਵਾਲਾ ਨੂੰ ਮਿਲਾਉਣ ਵਾਲੀ ਪ੍ਰਧਾਨ ਮੰਤਰੀ ਯੋਜਨਾ ਵਾਲੀ ਸੜਕ ਦੇ ਦੋਨਾਂ ਪਾਸਿਆਂ ਤੋਂ ਕਿਸਾਨ ਜਸਕਰਨ ਸਿੰਘ, ਡਿਪਟੀ ਸਿੰਘ, ਬਚਿੱਤਰ ਸਿੰਘ ਅਤੇ ਲਖਵੀਰ ਸਿੰਘ ਦੀਆਂ ਮੋਟਰਾਂ ਚੋਰੀ ਕਰ ਲਈਆਂ ਗਈਆਂ ਹਨ | ਚੋਰਾਂ ਦਾ ਇਹ ਅਪ੍ਰੇਸ਼ਨ ਚੱਲ ਰਿਹਾ ਸੀ ਕਿ ਐਨ ਉਸ ਸਮੇਂ ਇਨ੍ਹਾਂ ਖੇਤਾਂ ਵਿਚ ਸਬਜ਼ੀ ਦੀ ਖੇਤੀ ਕਰਨ ਵਾਲੇ ਬੌਰੀਆਂ ਸਿੱਖਾਂ ਦੇ ਆਦਮੀ ਸਬਜ਼ੀ ਲੋਡ ਕਰਨ ਲਈ ਆ ਗਏ ਤਾਂ ਚੋਰ ਕੁਝ ਖੋਲ੍ਹੀਆਂ ਮੋਟਰਾਂ ਜੋ ਅਜੇ ਆਪਣੇ ਵਹੀਕਲ ਵਿਚ ਲੱਦਣੀਆਂ ਬਾਕੀ ਸਨ ਛੱਡ ਕੇ ਦੌੜ ਗਏ | ਇਹ ਜਰਾਇਮ ਪੇਸ਼ਾ ਲੋਕ ਆਪਣੇ ਕੰਮ ਵਿਚ ਐਨੇ ਮਾਹਿਰ ਹਨ ਅਤੇ ਇਨ੍ਹਾਂ ਕੋਲ ਹਰ ਤਰਾਂ ਦਾ ਲੋਂੜੀਂਦਾ ਟੂਲ ਹੈ ਜਿਸ ਨਾਲ ਇਹ ਮਿੰਟੋ ਮਿੰਟੀ ਮੋਟਰ ਖੋਲ੍ਹ ਲੈਂਦੇ ਹਨ | ਹਰ ਸਾਲ ਅੱਜ ਕੱਲ੍ਹ ਦੇ ਦਿਨਾਂ 'ਚ ਅਤੇ ਸਰਦੀਆਂ 'ਚ ਧੁੰਦ ਦੇ ਮੌਸਮ 'ਚ ਧੜਾ ਧੜ ਮੋਟਰਾਂ, ਟਰਾਂਸਫਾਰਮਰ ਚੋਰੀ ਹੁੰਦੇ ਹਨ ਪਰ ਇਹ ਸਿਲਸਿਲਾ ਰੁਕਣ ਵਿਚ ਨਹੀਂ ਆ ਰਿਹਾ | ਮੋਟਰਾਂ ਮਹਿੰਗੀਆਂ ਹੋਣ ਕਾਰਨ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ ਪਰ ਇਹ ਚੋਰ ਗ੍ਰੋਹਾਂ ਦੇ ਹੌਂਸਲੇ ਬੁਲੰਦ ਹਨ ਅਤੇ ਇਨ੍ਹਾਂ ਦੀਆਂ ਕਾਰਵਾਈਆਂ ਨੂੰ ਠੱਲ੍ਹ ਨਹੀਂ ਪੈ ਰਹੀ | ਕਿਸਾਨਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਸਖ਼ਤੀ ਨਾਲ ਚੋਰੀਆਂ ਨੂੰ ਠੱਲ੍ਹ ਪਾਵੇ |