ਸਾਦਿਕ, 11 ਮਈ (ਆਰ.ਐਸ.ਧੁੰਨਾ)-ਸਿਹਤ ਵਿਭਾਗ ਵਲੋਂ ਸਰਕਾਰੀ ਹਸਪਤਾਲ ਸਾਦਿਕ ਵਿਖ਼ੇ ਆਏ ਹੋਏ ਮਰੀਜ਼ਾਂ ਨੂੰ ਟੀ.ਬੀ. ਦੀ ਬਿਮਾਰੀ ਸਬੰਧੀ ਜਾਗਰੂਕ ਕੀਤਾ ਗਿਆ | ਡਾ. ਪ੍ਰੀਤੀ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਟੀ.ਬੀ. ਇਕ ਵਿਸ਼ਵ ਵਿਆਪੀ ਮਹਾਂਮਾਰੀ ਹੈ ਅਤੇ ਇਸ ਬਿਮਾਰੀ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਹਿਯੋਗ ਕਰਨ ਦਾ ਸੁਨੇਹਾ ਦੇਣ ਦੇ ਮੰਤਵ ਤਹਿਤ ਅਜਿਹੇ ਸੈਮੀਨਾਰ ਕਰਵਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਤਪਦਿਕ (ਟੀ.ਬੀ.) ਮੁੱਖ ਰੂਪ ਫ਼ੇਫ਼ੜਿਆਂ ਦੀ ਬਿਮਾਰੀ ਹੈ ਅਤੇ ਇਹ ਜ਼ਿਆਦਾਤਰ ਲੋਕਾਂ ਵਿਚ ਫ਼ੇਫੜਿਆਂ ਦੀ ਹੀ ਟੀ.ਬੀ. ਦੇਖਣ ਨੂੰ ਮਿਲਦੀ ਹੈ | ਬਾਕੀ ਬਿਮਾਰੀਆਂ ਦੇ ਸਮਾਨ ਹੀ ਤਪਦਿਕ-ਟੀ.ਬੀ ਵਿਚ ਕੁਝ ਇਕ ਸਮਾਨ ਲੱਛਣ ਹੁੰਦੇ ਹਨ ਜਿਵੇਂ ਕਿ ਬੁਖਾਰ ਹੋਣਾ, ਕਾਂਬਾ ਛਿੜਨਾ, ਭੁੱਖ ਘੱਟ ਲੱਗਣੀ, ਭਾਰ ਵਿਚ ਕਮੀ, ਥਕਾਵਟ ਰਹਿਣੀ ਅਤੇ ਰਾਤ ਸਮੇਂ ਪਸੀਨਾ ਆਉਣਾ ਆਦਿ | ਟੀ.ਬੀ ਦੀ ਜਾਂਚ ਅਤੇ ਇਲਾਜ ਸਰਕਾਰੀ ਸਿਹਤ ਕੇਂਦਰਾਂ 'ਤੇ ਮੁਫ਼ਤ ਉਪਲਬਧ ਹੈ | ਇਸ ਮੌਕੇ ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਵਲੋਂ ਨਾਟਕ ਦੁਆਰਾ ਟੀ.ਬੀ. ਦੀ ਬਿਮਾਰੀ ਤੋਂ ਬੱਚ ਕੇ ਰਹਿਣ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾ. ਜਗਵੀਰ ਸਿੰਘ ਮੈਡੀਕਲ ਅਫ਼ਸਰ, ਰਾਜਿੰਦਰ ਅਰੋੜਾ ਸੀਨੀਅਰ ਫਾਰਮੇਸੀ ਅਫਸਰ ਅਤੇ ਰੁਪਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ਼ ਵੀ ਹਾਜ਼ਰ ਸੀ |